ਓਟਵਾ, 28 ਮਾਰਚ: ਐਤਵਾਰ ਨੂੰ ਓਨਟਾਰੀਓ ਨੇ ਫੈਡਰਲ ਸਰਕਾਰ ਨਾਲ 10.2 ਬਿਲੀਅਨ ਡਾਲਰ ਦੀ ਡੀਲ ਕੀਤੀ।ਇਸ ਨਾਲ ਇਸ ਸਾਲ ਦੇ ਅੰਤ ਤੱਕ ਪ੍ਰੋਵਿੰਸ ਵਿੱਚ ਚਾਈਲਡ ਕੇਅਰ ਫੀਸ ਵਿੱਚ ਵੱਡੀ ਕਟੌਤੀ ਹੋਵੇਗੀ।
ਇਸ ਸਬੰਧ ਵਿੱਚ ਚੱਲ ਰਹੀ ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਦੋਵਾਂ ਸਰਕਾਰਾਂ ਦੇ ਸੋਤਰਾਂ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪ੍ਰੀਮੀਅਰ ਡੱਗ ਫੋਰਡ ਗੇ੍ਰਟਰ ਟੋਰਾਂਟੋ ਏਰੀਆ ਵਿੱਚ ਇਸ ਡੀਲ ਦਾ ਐਲਾਨ ਕਰਨਗੇ।ਸਾਰੇ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਦਿੱਤੀ।
ਸਾਲ 2026 ਦੇ ਅੰਤ ਤੱਕ ਚਾਈਲਡ ਕੇਅਰ ਫੀਸ ਨੂੰ ਔਸਤਨ 10 ਡਾਲਰ ਤੱਕ ਕਰਨ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਓਨਟਾਰੀਓ ਵਾਲੀ ਡੀਲ ਆਖਰੀ ਕੜੀ ਸੀ।ਇਸ ਡੀਲ ਦੇ ਹਿੱਸੇ ਵਜੋਂ ਦਸੰਬਰ ਦੇ ਅੰਤ ਤੱਕ ਓਨਟਾਰੀਓ ਔਸਤ ਫੀਸ ਵਿੱਚ 50 ਫੀ ਸਦੀ ਦੀ ਕਟੌਤੀ ਕਰੇਗਾ, ਪੰਜ ਸਾਲ ਖ਼ਤਮ ਹੋਣ ਉੱਤੇ ਚਾਈਲਡ ਕੇਅਰ ਵਿੱਚ 86,000 ਨਵੀਂਆਂ ਥਾਂਵਾਂ ਤਿਆਰ ਕਰੇਗਾ,ਚਾਈਲਡ ਕੇਅਰ ਵਰਕਰਜ਼ ਲਈ ਘੱਟ ਤੋਂ ਘੱਟ ਉਜਰਤ ਘੰਟੇ ਦੇ 18 ਡਾਲਰ ਤੇ ਸੁਪਰਵਾਈਜ਼ਰਜ਼ ਲਈ ਘੰਟੇ ਦੇ 20 ਡਾਲਰ ਕਰੇਗਾ।
ਇਨ੍ਹਾਂ ਭੱਤਿਆਂ ਵਿੱਚ ਹਰ ਸਾਲ ਪ੍ਰਤੀ ਘੰਟਾ 1 ਡਾਲਰ ਦਾ ਵਾਧਾ ਹੋਵੇਗਾ ਜਦੋਂ ਤੱਕ ਇਹ ਭੱਤੇ 25 ਡਾਲਰ ਪ੍ਰਤੀ ਘੰਟਾਂ ਤੱਕ ਨਹੀਂ ਪਹੁੰਚ ਜਾਂਦੇ।ਚਾਈਲਡ ਕੇਅਰ ਵਾਲੀਆਂ ਥਾਂਵਾਂ ਲਾਇਸੰਸਸ਼ੁਦਾ ਹੋਣੀਆਂ ਚਾਹੀਦੀਆਂ ਹਨ ਤੇ ਤਰਜੀਹ ਪਬਲਿਕ ਤੇ ਗੈਰ ਮੁਨਾਫੇ ਵਾਲੀਆਂ ਥਾਂਵਾਂ ਨੂੰ ਦਿੱਤੀ ਜਾਵੇਗੀ ਪਰ ਇਸ ਸਮਝੌਤੇ ਤਹਿਤ ਪ੍ਰਾਈਵੇਟ ਤੇ ਮੁਨਾਫਾ ਕਮਾਉਣ ਵਾਲੇ ਸੈਂਟਰਾਂ ਨੂੰ ਅਣਗੌਲਿਆ ਨਹੀਂ ਛੱਡਿਆ ਜਾਵੇਗਾ।ਓਨਟਾਰੀਓ ਦੀਆਂ ਪੰਜਵਾਂ ਹਿੱਸਾ ਚਾਈਲਡ ਕੇਅਰ ਥਾਂਵਾਂ ਪ੍ਰਾਈਵੇਟ ਹਨ ਤੇ ਮੁਨਾਫਾ ਕਮਾਉਣ ਲਈ ਕਾਰਪੋਰੇਸ਼ਨਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ।ਪ੍ਰੋਵਿੰਸ ਵਿੱਚ ਸੱਭ ਤੋਂ ਵੱਧ ਚਾਈਲਡ ਕੇਅਰ ਫੀਸ ਵੀ ਵਸੂਲੀ ਜਾਂਦੀ ਰਹੀ ਹੈ।