ਓਟਵਾ-ਫੈਡਰਲ ਸਰਕਾਰ ਜਲਦ ਹੀ ਇਕ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ, ਜੋ ਸਿੱਧੇ ਤੌਰ ‘ਤੇ ਲਾਇਸੰਸਸ਼ੁਦਾ ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਨੂੰ ਘਟਾਵੇਗਾ। ਜੇਕਰ ਸਰਕਾਰ ਇਹ ਕਾਨੂੰਨ ਲੈ ਆਉਂਦੀ ਹੈ ਤਾਂ ਲਾਜ਼ਮੀ ਤੌਰ ‘ਤੇ ਇਸ ਨਾਲ ਰੈਸਟੋਰੈਂਟਾਂ ਅਤੇ ਰੈਸਟੋਰੈਂਟ ਪ੍ਰੇਮਿਆਂ ਨੂੰ ਵੱਡਾ ਘੱਟਾ ਪਵੇਗਾ। ਉਕਤ ਜਾਣਕਾਰੀ ਦਿੰਦਿਆਂ ਕਿਊਬਿਕ ਦੀ ਰੈਸਟੋਰੈਂਟ ਲਾਬੀ ਦੇ ਬੁਲਾਰੇ ਫਰੈਂਕੌਇਸ ਮੇਓਨੀਅਰ ਨੇ ਦੱਸਿਆ ਕਿ ਓਟਾਵਾ ‘ਚ ਇਸ ਕਾਨੂੰਨ ਦੇ ਪਾਸ ਹੋਣ ‘ਤੇ ਔਰਤਾਂ ਸਿਰਫ ਇਕ ਡਰਿੰਕ ਲੈ ਸਕਣਗੀਆਂ ਜਦਕਿ ਮਰਦਾਂ ਨੂੰ 2 ਡਰਿੰਕਸ ਲੈਣ ਦੀ ਮਨਜ਼ੂਰੀ ਹੋਵੇਗੀ। ਇਸ ਕਾਨੂੰਨ ਦੇ ਪਾਸ ਹੋਣ ਨਾਲ ਵੈਲੇਂਟਾਈਨ ਡੇਅ ਜਾਂ ਹੋਰ ਖੁਸ਼ੀ ਦੇ ਮੌਕੇ ‘ਤੇ 2 ਵਿਅਕਤੀਆਂ ਲਈ ਮੰਗਵਾਈ ਜਾਣ ਵਾਲੀ ਇਕ ਵਾਈਨ ਦੀ ਬੋਤਲ ਵੀ ਅਤੀਤ ਬਣ ਕੇ ਰਹਿ ਜਾਵੇਗੀ। ਹੁਣ ਲੋਕਾਂ ਨੂੰ ਇਸ ਨੂੰ ਭੁੱਲਣਾ ਹੀ ਪਵੇਗਾ।
ਬੀਤੀ ਮਈ ਨੂੰ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਨਿਆਂ ਮੰਤਰੀਆਂ ਨੂੰ ਲਿਖੀ ਚਿੱਠੀ ਵਿੱਚ ਫੈਡਰਲ ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਨੇ ਪ੍ਰਤੀ 100 ਮਿਲੀਲੀਟਰ ਖੂਨ ਵਿੱਚ ਸ਼ਰਾਬ ਦੀ ਹੱਦ, ਜਿਹੜੀ ਪਹਿਲਾਂ 80 ਮਿਲੀਗ੍ਰਾਮ ਸੀ, ਘਟਾ ਕੇ 50 ਮਿਲੀਗ੍ਰਾਮ ਕਰਨ ਦਾ ਸੁਝਾਅ ਦਿੱਤਾ ਸੀ। ਫੈਡਰਲ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਸ਼ਰਾਬ ਪੀ ਕੇ ਹੋਰਨਾਂ ਲਈ ਖਤਰਾ ਖੜ੍ਹਾ ਕਰਨ ਵਾਲੇ ਡਰਾਈਵਰਾਂ ਨੂੰ ਵੀ ਸੁਰਤ ਰਹੇਗੀ ਤੇ ਕੋਈ ਝਗੜਾ ਜਾਂ ਹਾਦਸਾ ਨਹੀਂ ਹੋਵੇਗਾ।
ਮੇਓਨੀਅਰ, ਜੋ ਕਿ ਅਜਿਹੀ ਐਸੋਸਿਏਸ਼ਨ ਨਾਲ ਕੰਮ ਕਰਦੇ ਹਨ ਜਿਹੜੀ ਕਿਊਬਿਕ ਵਿੱਚ ਰੈਸਟੋਰੈਂਟਜ਼ ਦੀ ਨੁਮਾਇੰਦਗੀ ਕਰਦੀ ਹੈ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਸ਼ਰਾਬ ਦੀ ਵਿੱਕਰੀ ਘੱਟ ਹੋਣ ਦੀ ਚਿੰਤਾ ਨਹੀਂ ਹੈ ਸਗੋਂ ਉਹ ਤਾਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਸ ਨਾਲ ਉਨ੍ਹਾਂ ਦੀ ਕੁੱਲ ਆਮਦਨ ਘਟੇਗੀ ਕਿਉਂਕਿ ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇਣਗੇ। ਸ਼ਰਾਬ ਦੇ ਨਾਲ ਖਾਣੇ ਦੀ ਵਿੱਕਰੀ ਵੀ ਘੱਟ ਜਾਵੇਗੀ। ਜਦੋਂ ਕਿਸੇ ਕਿਸਮ ਦੇ ਜਸ਼ਨ ਮਨਾਉਣ, ਪਾਰਟੀ ਕਰਨ ਦੀ ਗੱਲ ਆਵੇਗੀ ਤਾਂ ਲੋਕ ਸਾਰਾ ਕੁੱਝ ਘਰ ਵਿੱਚ ਹੀ ਕਰਨਗੇ ਕਿਉਂਕਿ ਲੋਕ ਆਪਣਾ ਵਿਵਹਾਰ ਬਦਲ ਲੈਣਗੇ। ਟੈਕਸੀ ਲੈਣ ਜਾਂ ਜਨਤਕ ਟਰਾਂਸਪੋਰਟੇਸ਼ਨ ਲੈਣ ਦੀ ਗੱਲ ਕਰਨਾ ਕਾਫੀ ਸੌਖਾ ਹੈ ਪਰ ਕਈ ਖਿੱਤਿਆਂ ਵਿੱਚ ਇਹ ਐਨਾ ਆਸਾਨ ਵੀ ਨਹੀਂ ਹੈ।
ਰੇਅਬੋਲਡ ਨੇ ਵੀ ਆਪਣੇ ਬੁਲਾਰੇ ਰਾਹੀਂ ਮੰਗਲਵਾਰ ਨੂੰ ਇਸ ਪ੍ਰਤੀਕਿਰਿਆ ਦਾ ਜਵਾਬ ਦਿੱਤਾ। ਉਨ੍ਹਾਂ ਆਖਿਆ ਕਿ ਫੈਡਰਲ ਹੱਦ 50 ਮਿਲੀਗ੍ਰਾਮ ਕਰਨ ਨਾਲ ਸ਼ਰਾਬੀ ਡਰਾਈਵਰਾਂ ਵੱਲੋਂ ਖੜ੍ਹੇ ਕੀਤੇ ਜਾਂਦੇ ਖਤਰੇ ਘਟਣਗੇ। ਇਸ ਨਾਲ ਕ੍ਰਿਮੀਨਲ ਲਾਅ ਤਹਿਤ ਸਖ਼ਤ ਸੁਨੇਹਾ ਉਨ੍ਹਾਂ ਨੂੰ ਮਿਲੇਗਾ ਤੇ ਡਰਾਈਵਰਾਂ ਦਾ ਵਿਵਹਾਰ ਵੀ ਬਦਲੇਗਾ। ਉਨ੍ਹਾਂ ਆਖਿਆ ਕਿ ਅਜੇ ਤਾਂ ਉਨ੍ਹਾਂ ਆਪਣੇ ਹਮਰੁਤਬਾ ਪ੍ਰੋਵਿੰਸ਼ੀਅਲ ਅਧਿਕਾਰੀਆਂ ਤੋਂ ਇਸ ਬਾਬਤ ਰਾਇ ਹੀ ਮੰਗੀ ਹੈ, ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।