ਓਟਵਾ, 19 ਅਗਸਤ : ਸਿਆਸੀ ਜੰਗ ਭਾਵੇਂ ਹੋਰ ਵੀ ਗੰਧਲੀ ਹੋ ਜਾਵੇ ਪਰ ਪੋਲਿੰਗ ਸਟੇਸ਼ਨ ਸਾਫ ਰਹਿਣਗੇ। ਆਉਣ ਵਾਲੀਆਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਪੋਲਿੰਗ ਸਟੇਸ਼ਨ ਜ਼ਰੂਰ ਸਾਫ ਸੁਥਰੇ ਰਹਿਣਗੇ।
ਬੁੱਧਵਾਰ ਨੂੰ ਇਲੈਕਸ਼ਨਜ਼ ਕੈਨੇਡਾ ਵੱਲੋਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਹੈਲਥ ਐਂਡ ਸੇਫਟੀ ਮਾਪਦੰਡ ਜਾਰੀ ਕੀਤੇ ਗਏ। ਇਹ ਚੋਣਾਂ ਉਦੋਂ ਹੋਣ ਜਾ ਰਹੀਆਂ ਹਨ ਜਦੋਂ ਕੋਵਿਡ-19 ਦੇ ਤੇਜ਼ੀ ਨਾਲ ਟਰਾਂਸਮਿਟ ਹੋਣ ਵਾਲੇ ਡੈਲਟਾ ਵੇਰੀਐਂਟ ਦੇ ਮਮਲਿਆਂ ਵਿੱਚ ਵੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਹੇਠ ਲਿਖੇ ਮਾਪਦੰਡ ਪ੍ਰਭਾਵੀ ਹੋਣਗੇ :
· ਵੋਟਰਾਂ ਨੂੰ ਉਸ ਸੂਰਤ ਵਿੱਚ ਮਾਸਕ ਪਾਉਣੇ ਹੋਣਗੇ ਜੇ ਉਨ੍ਹਾਂ ਦੇ ਪ੍ਰੋਵਿੰਸ ਜਾਂ ਲੋਕਲ ਜਿਊਰਿਸਡਿਕਸ਼ਨ ਵਿੱਚ ਅਜਿਹਾ ਕਰਨ ਸਬੰਧੀ ਨਿਯਮ ਲਾਗੂ ਹੈ। ਜੇ ਮਾਸਕ ਸਬੰਧੀ ਕੋਈ ਸ਼ਰਤ ਨਹੀਂ ਹੈ ਤਾਂ ਵੀ ਵੋਟਰਾਂ ਨੂੰ ਇਹ ਆਖਿਆ ਜਾਂਦਾ ਹੈ ਕਿ ਉਹ ਮਾਸਕ ਜ਼ਰੂਰ ਪਾਉਣ।
· ਪੋਲਿੰਗ ਬੂਥਜ਼ ਦੀ ਐਂਟਰੈਂਸ/ਐਗਜਿ਼ਟ ਉੱਤੇ ਸੈਨਿਟਾਈਜਿ਼ੰਗ ਸਟੇਸ਼ਨਜ਼ ਹੋਣਗੇ, ਇਸ ਦੇ ਨਾਲ ਹੀ ਪੂਰੇ ਪੋਲਿੰਗ ਸਟੇਸ਼ਨ ਵਿੱਚ ਸਾਈਨਬੋਰਡ ਲਾ ਕੇ ਵੋਟਰਾਂ ਨੂੰ ਫਿਜ਼ੀਕਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਆਖਿਆ ਜਾਵੇਗਾ।
· ਵੋਟਰਾਂ ਨਾਲ ਇੰਟਰੈਕਸ਼ਨ ਘਟਾਉਣ ਲਈ ਹਰੇਕ ਡੈਸਕ ਉੱਤੇ ਪਲੈਕਸੀਗਲਾਸ ਬੈਰੀਅਰ ਦੇ ਪਿੱਛੇ ਇੱਕ ਵਰਕਰ ਬੈਠਾ ਹੋਵੇਗਾ। ਪੋਲ ਵਰਕਰਜ਼ ਨੂੰ ਮਾਸਕ ਤੇ ਫੇਸ ਸ਼ੀਲਡਜ਼ ਮੁਹੱਈਆ ਕਰਵਾਈਆਂ ਜਾਣਗੀਆਂ।
· ਇਕਹਿਰੀ ਵਰਤੋਂ ਲਈ ਪੈਂਸਿਲ ਮੁਹੱਈਆ ਕਰਵਾਈ ਜਾਵੇਗੀ। ਵੋਟਰ, ਜੇ ਚਾਹੁੰਣਗੇ ਤਾਂ ਆਪਣੀ ਪੈਂਸਿਲ ਵੀ ਲਿਆ ਸਕਦੇ ਹਨ।
· ਪੋਲ ਵਰਕਰਜ਼ ਵੱਲੋਂ ਆਪਣੇ ਵਰਕਸਟੇਸ਼ਨਜ਼, ਡੋਰ ਹੈਂਡਲਜ਼ ਤੇ ਕਾਮਨ ਸਰਫੇਸਿਜ਼ ਨੂੰ ਸਾਰਾ ਦਿਨ ਵਾਰੀ ਵਾਰੀ ਸਾਫ ਕੀਤਾ ਜਾਂਦਾ ਰਹੇਗਾ ਤੇ ਉਹ ਸਾਵਧਾਨੀ ਨਾਲ ਵਰਤੇ ਹੋਏ ਮਾਸਕ ਤੇ ਗਲਵਜ਼ ਵੀ ਸੁੱਟਣਗੇ।
· ਉਮੀਦਵਾਰ ਤੇ ਉਨ੍ਹਾਂ ਦੇ ਜਿਨ੍ਹਾਂ ਨੁਮਾਇੰਦਿਆਂ ਨੂੰ ਪੋਲਿੰਗ ਤੇ ਬੈਲਟ ਕਾਊਂਟਿੰਗ ਲੋਕੇਸ਼ਨਜ਼ ਉੱਤੇ ਹਾਜ਼ਰ ਰਹਿਣ ਦੀ ਇਜਾਜ਼ਤ ਹੋਵੇਗੀ, ਉਨ੍ਹਾਂ ਨੂੰ ਮਾਸਕ ਪਾਉਣੇ ਹੋਣਗੇ ਤੇ ਫਿਜ਼ੀਕਲ ਡਿਸਟੈਂਸਿੰਗ ਰੱਖਣੀ ਹੋਵੇਗੀ।
ਕੈਨੇਡਾ ਦੇ ਚੀਫ ਇਲੈਕਟੋਰਲ ਆਫੀਸਰ ਸਟੀਫਨ ਪੈਰਾਲ ਨੇ ਆਸ ਪ੍ਰਗਟਾਈ ਕਿ ਇਹ ਚੋਣਾਂ ਸੁਰੱਖਿਅਤ ਢੰਗ ਨਾਲ ਸਿਰੇ ਚੜ੍ਹਾਈ ਜਾਣਗੀਆਂ। ਕੈਨੇਡੀਅਨ 20 ਸਤੰਬਰ ਨੂੰ ਵੋਟਾਂ ਪਾਉਣਗੇ।