ਪੈਰਿਸ:ਦੁਨੀਆਂ ਦੇ ਅੱਵਲ ਦਰਜੇ ਦੇ ਖਿਡਾਰੀ ਰੋਜਰ ਫੈਡਰਰ ਨੇ ਗਰੈਂਡਸਲੈਮ ਟੂਰਨਾਮੈਂਟ ਵਿੱਚ 16 ਮਹੀਨੇ ਬਾਅਦ ਵਾਪਸੀ ਕਰਦਿਆਂ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ’ਚ ਜਿੱਤ ਦਰਜ ਕੀਤੀ। ਉਸ ਨੇ ਡੈਨਿਸ ਇਸਤੋਮਿਨ ਨੂੰ 6-2, 6-4, 6-3 ਨਾਲ ਹਰਾਇਆ। ਇਸ ਦੌਰਾਨ ਕਈ ਵਾਰ ਦੀ ਗਰੈਂਡਸਲੈਮ ਚੈਂਪੀਅਨ ਨਾਓਮੀ ਓਸਾਕਾ ਨੇ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਉਸ ਨੇ ਟਵੀਟ ਕੀਤਾ ਕਿ ਉਹ 2018 ਵਿੱਚ ਅਮਰੀਕੀ ਓਪਨ ਖਿਤਾਬ ਜਿੱਤਣ ਮਗਰੋਂ ਮਾਨਸਿਕ ਬਿਮਾਰੀ ਨਾਲ ਜੂਝ ਰਹੀ ਹੈ। ਇਸ ਦੇ ਨਾਲ ਹੀ ਸੇਰੇਨਾ ਵਿਲੀਅਮਜ਼ ਨੇ ਫਰੈਂਚ ਓਪਨ ਦੇ ਪਹਿਲੇ ਰਾਤ ਦੇ ਸੈਸ਼ਨ ਵਿੱਚ ਜਿੱਤ ਦਰਜ ਕੀਤੀ। ਉਸ ਨੇ ਦੋ ਸੈੱਟ ਪੁਆਇੰਟ ਬਚਾਉਣ ਤੋਂ ਬਾਅਦ ਇਰੀਨਾ ਕੈਮੇਲੀਆ ਬੇਗੂ ਨੂੰ 7-6, 6-2 ਨਾਲ ਹਰਾਇਆ। ਮਹਿਲਾ ਸਿੰਗਲਜ਼ ’ਚ 2019 ਦੀ ਅਮਰੀਕੀ ਓਪਨ ਚੈਂਪੀਅਨ ਬਿਆਂਕਾ ਆਂਦਰੇਸਕੂ ਨੂੰ ਤਮਾਰਾ ਜ਼ਿਡਾਂਸੇਕ ਖ਼ਿਲਾਫ਼ 6-7, 7-6, 9-7 ਨਾਲ ਹਾਰ ਝੱਲਣੀ ਪਈ। ਇਸੇ ਤਰ੍ਹਾਂ ਈਗਾ ਸਵੀਆਟੇਕ ਨੇ ਕਾਜਾ ਜੁਵਾਨ ਨੂੰ 6-0, 7-5 ਨਾਲ ਹਰਾਇਆ।