ਨਿਊਯਾਰਕ— ਵਿਸ਼ਵ ਦੇ ਨੰਬਰ ਦੋ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਦੋ ਵਾਰ ਦੇ ਸਾਬਕਾ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਤੀਜੇ ਦੌਰ ਵਿਚ ਪਹੁੰਚਣ ਲਈ ਸੰਘਰਸ਼ ਕਰਨਾ ਪਿਆ, ਜਦਕਿ ਮਹਿਲਾਵਾਂ ਵਿਚ ਦੂਜਾ ਦਰਜਾ ਪ੍ਰਾਪਤ ਡੈੱਨਮਾਰਕ ਦੀ ਕੈਰੋਲਿਨਾ ਵੋਜਨਿਆਕੀ ਦੂਜੇ ਹੀ ਦੌਰ ਵਿਚ ਉਲਟਫੇਰ ਦਾ ਸ਼ਿਕਾਰ ਹੋ ਗਈ।
37 ਸਾਲਾ ਫੈਡਰਰ ਨੇ ਫਰਾਂਸ ਦੇ ਬੇਨੋਏਟ ਪਿਯਰੇ ਨੂੰ ਲਗਾਤਾਰ ਸੈੱਟਾਂ ਵਿਚ 7-5, 6-4, 6-4 ਨਾਲ ਹਰਾਇਆ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਦਾ ਅਗਲਾ ਮੁਕਾਬਲਾ ਆਸਟਰੇਲੀਆ ਦੇ ਨਿਕ ਕ੍ਰਿਗੀਓਸ ਨਾਲ ਹੋਵੇਗਾ, ਜਿਸ ਨੇ ਇਕ ਹੋਰ ਫਰਾਂਸੀਸੀ ਖਿਡਾਰੀ ਪਿਯਰੇ ਹਿਊਜ ਹਰਬਟ ਨੂੰ ਹਰਾਇਆ।
ਜੋਕੋਵਿਚ ਨੇ ਅਮਰੀਕਾ ਦੇ ਟੇਨੀ ਸੈਂਡਗ੍ਰੇਨ ਨੂੰ ਦੂਜੇ ਦੌਰ ਵਿਚ 6-1, 6-3, 6-7, 6-2 ਨਾਲ ਹਰਾਇਆ। 
ਮਹਿਲਾ ਸਿੰਗਲਜ਼ ਵਿਚ ਦੂਜੀ ਸੀਡ ਵੋਜਨਿਆਕੀ ਨੂੰ ਯੂਕ੍ਰੇਨ ਦੀ ਲੇਸਿਆ ਸੁਰੇਂਕਾ ਹੱਥੋਂ ਦੂਜੇ ਦੌਰ ਵਿਚ 4-6, 2-6 ਨਾਲ ਹਾਰ ਝੱਲਣੀ ਪਈ। ਇਹ ਲਗਾਤਾਰ ਦੂਜਾ ਮੌਕਾ ਹੈ, ਜਦੋਂ ਵੋਜਨਿਆਕੀ ਯੂ. ਐੱਸ. ਓਪਨ ਦੇ ਸ਼ੁਰੂਆਤ ਵਿਚ ਹੀ ਬਾਹਰ ਹੋ ਗਈ ਹੈ, ਜਦਕਿ ਉਹ ਇੱਥੇ ਦੋ ਵਾਰ ਦੀ ਫਾਈਨਲਿਸਟ ਹੈ। ਇਸ ਸਾਲ ਦੀ ਆਸਟਰੇਲੀਅਨ ਓਪਨ ਜੇਤੂ ਵੋਜਨਿਆਕੀ ਦੂਜੀ ਵਾਰ ਇਥੇ ਦੂਜਾ ਦੌਰ ਪਾਰ ਨਹੀਂ ਕਰ ਸਕੀ ਹੈ। 
ਸਾਲ 2016 ਵਿਚ ਯੂ. ਐੱਸ. ਓਪਨ ਦੇ ਆਖਰੀ-16 ਤਕ ਪਹੁੰਚੀ ਸੁਰੇਂਕੋ ਤੀਜੇ ਦੌਰ ਵਿਚ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਕੋਵਾ ਨਾਲ ਭਿੜੇਗੀ, ਜਿਸ ਨੇ ਆਸਟਰੇਲੀਆ ਦੀ ਐਲਜਾ ਟੋਮਜਾਨੋਵਿਚ ਨੂੰ 6-3, 6-7, 7-6 ਨਾਲ ਹਰਾਇਆ।
ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਗੈਰ-ਦਰਜਾ ਪ੍ਰਾਪਤ ਰੋਮਾਨੀਆ ਦੀ ਸੋਰਾਨਾ ਕਰਸਟੀ ਨੂੰ ਲਗਾਤਾਰ ਸੈੱਟਾਂ ਵਿਚ 6-2, 7-5 ਨਾਲ ਹਰਾਉਂਦਿਆਂ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ, ਜਿਥੇ ਉਸ ਦਾ ਮੈਚ ਲਾਤੀਵੀਆ ਦੀ ਯੇਲੇਨਾ ਓਸਤਾਪੋਂਕੋ ਨਾਲ ਹੋਵੇਗਾ। 22ਵੀਂ ਸੀਡ ਸ਼ਾਰਾਪੋਵਾ 2016 ਤੋਂ ਬਾਅਦ ਪਹਿਲੀ ਵਾਰ ਯੂ. ਐੱਸ. ਓਪਨ ਵਿਚ ਖੇਡ ਰਹੀ ਹੈ।
ਸਾਲ 2006 ਦੀ ਯੂ. ਐੱਸ. ਓਪਨ ਚੈਂਪੀਅਨ ਸ਼ਾਰਾਪੋਵਾ ਨੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਵਿਚ ਆਪਣੇ 22 ਮੈਚਾਂ ਵਿਚ ਰਾਤ ਦੇ ਮੁਕਾਬਲੇ ਕਦੇ ਨਹੀਂ ਹਾਰੇ।  10ਵੀਂ ਸੀਡ ਓਸਤਾਪੋਂਕਾ ਨੇ ਅਮਰੀਕਾ ਦੀ ਟੇਲਰ ਟਾਊਨਸੇਂਡ ਨੂੰ 4-6, 6-3, 6-4 ਨਾਲ ਹਰਾਇਆ।