ਚੰਡੀਗੜ੍ਹ, 16 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦੇ ਪਰਿਵਾਰ ’ਤੇ ਹਮਲੇ ਅਤੇ ਕਤਲ ਦੇ ਮਾਮਲੇ ਨੂੰ ਅੰਤਰਰਾਜੀ ਗਰੋਹ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਨਾਲ “ਹੱਲ” ਕਰ ਦਿੱਤਾ ਗਿਆ ਹੈ। ਲੁਟੇਿਰਆਂ ਨੇ ਘਰ ਵਿੱਚ ਲੁੱਟ ਦੌਰਾਨ ਰੈਣਾ ਦੇ ਫੁੱਫੜ ਤੇ ਉਸ ਦੇ ਪੁੱਤ ਦੀ ਹੱਤਿਆ ਕਰ ਦਿੱਤੀ ਸੀ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 11 ਹੋਰ ਮੁਲਜ਼ਮਾਂ ਨੂੰ ਅਜੇ ਗ੍ਰਿਫ਼ਤਾਰ ਕਰਨਾ ਬਾਕੀ ਹੈ।

ਇਸ ਦੌਰਾਨ ਕ੍ਰਿਕਟਰ ਨੇ ਬੁੱਧਵਾਰ ਨੂੰ ਵੀ ਪਿੰਡ ਦਾ ਦੌਰਾ ਕੀਤਾ। ਰੈਣਾ ਦੇ ਫੁੱਫੜ ਅਸ਼ੋਕ ਕੁਮਾਰ,ਜੋ ਠੇਕੇਦਾਰ ਸਨ, ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਉਸ ਦਾ ਬੇਟਾ ਕੌਸ਼ਲ ਕੁਮਾਰ 31 ਅਗਸਤ ਨੂੰ ਦਮ ਤੋੜ ਗਿਆ ਸੀ ਅਤੇ ਪਤਨੀ ਆਸ਼ਾ ਰਾਣੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਆਈਜੀਪੀ ਬਾਰਡਰ ਰੇਂਜ, ਅੰਮ੍ਰਿਤਸਰ ਦੇ ਅਧੀਨ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਸੀ ਤੇ ਐੱਸਐੱਸਪੀ ਪਠਾਨਕੋਟ, ਐੱਸਪੀ ਇਨਵੈਸਟੀਗੇਸ਼ਨ ਅਤੇ ਡੀਐੱਸਪੀ ਧਾਰ ਕਲਾਂ ਨੂੰ ਇਸ ਦੇ ਮੈਂਬਰ ਸਨ।ਡੀਜੀਪੀ ਅਨੁਸਾਰ ਫੜੇ ਮੁਲਜ਼ਮਾਂ ਕੋਲੋਂ ਦੋ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੇਨ ਅਤੇ 1,530 ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੀ ਪਛਾਣ ਸਾਵਨ, ਮੁਹੱਬਤ ਅਤੇ ਸ਼ਾਹਰੁਖ ਖ਼ਾਨ ਵਜੋਂ ਹੋਈ ਹੈ। ਉਹ ਰਾਜਸਥਾਨ ਦੇ ਵਸਨੀਕ ਹਨ।