ਕੋਚੀ, ਯੂਰੋਪੀ ਚੈਂਪੀਅਨ ਸਪੇਨ ਨੇ ਆਪਣੀ ਭੱਲ ਮੁਤਾਬਕ ਪ੍ਰਦਰਸ਼ਨ ਕਰਦਿਆਂ ਅੱਜ ਇਥੇ ਇਰਾਨ ਦੇ ਵਿਜੈ ਰੱਥ ਨੂੰ ਲਗਾਮ ਪਾਉਂਦਿਆਂ 3-1 ਦੀ ਜਿੱਤ ਦਰਜ ਕਰਦਿਆਂ ਫ਼ੀਫਾ ਅੰਡਰ 17 ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਦਾਖਲਾ ਪਾ ਲਿਆ, ਜਿੱਥੇ ਉਸ ਦਾ ਮੁਕਾਬਲਾ ਅਫ਼ਰੀਕੀ ਚੈਂਪੀਅਨ ਮਾਲੀ ਨਾਲ ਹੋਵੇਗਾ। ਸਪੇਨ ਲਈ ਅਬੇਲ ਰੂਈਜ 13ਵੇਂ ਮਿੰਟ, ਸਰਜੀਓ ਗੋਮੇਜ 60ਵੇਂ ਤੇ ਫੇਰਾਨ ਟੋਰੇਸ ਨੇ 67ਵੇਂ ਮਿੰਟ ’ਚ ਗੋਲ ਕੀਤੇ ਜਦਕਿ ਇਸ ਤੋਂ ਪਹਿਲਾਂ ਇਕ ਵੀ ਮੈਚ ਨਾ ਗੁਆਉਣ ਵਾਲੇ ਇਰਾਨ ਲਈ ਇਕਮਾਤਰ ਗੋਲ ਸਈਦ ਕਰੀਮੀ ਨੇ 69ਵੇਂ ਮਿੰਟ ਵਿੱਚ ਕੀਤਾ। ਇਸ ਦੌਰਾਨ ਚੌਥੇ ਕੁਆਰਟਰ ਫਾਈਨਲ ’ਚ ਬ੍ਰਾਜ਼ੀਲ ਨੇ ਜਰਮਨੀ ਨੂੰ 2-1 ਦੀ ਸ਼ਿਕਸਤ ਦਿੱਤੀ। ਬ੍ਰਾਜ਼ੀਲ ਹੁਣ ਸੈਮੀ ਫਾਈਨਲ ’ਚ ਇੰਗਲੈਂਡ ਨਾਲ ਮੱਥਾ ਲਾਏਗਾ।
ਯੂਰੋਪੀ ਟੀਮ ਨੇ ਸ਼ੁਰੂੁਆਤ ਤੋਂ ਹੀ ਮੈਚ ’ਤੇ ਆਪਣੀ ਪਕੜ ਮਜ਼ਬੂਤ ਰੱਖੀ। ਇਰਾਨ ਦੀ ਟੀਮ ਅਜੇ ਵਿਰੋਧੀ ਟੀਮ ਦੀ ਖੇਡ ਨੂੰ ਸਮਝ ਪਾਉਂਦੀ ਕਿ ਕਪਤਾਨ ਰੂਈਜ ਨੇ ਰਿਬਾਊਂਡ ’ਤੇ ਇਰਾਨੀ ਗੋਲਕੀਪਰ ਅਲੀ ਗੁਲਾਮ ਜਾਦੇਹ ਨੂੰ ਝਕਾਨੀ ਦਿੰਦਿਆਂ ਗੋਲ ਦਾਗ਼ ਦਿੱਤਾ। ਸਪੈਨਿਸ਼ ਟੀਮ ਜਲਦੀ ਹੀ ਆਪਣੀ ਲੀਡ ਨੂੰ ਦੁੱਗਣੀ ਕਰ ਦਿੰਦੀ, ਪਰ ਇਰਾਨੀ ਗੋਲਕੀਪਰ ਨੇ ਸੀਜ਼ਰ ਗੇਲਬਰਟ ਦੇ ਸ਼ਾਟ ਨੂੰ ਬੜੀ ਖੂਬਸੂਰਤੀ ਨਾਲ ਬਚਾ ਲਿਆ। ਇਰਾਨੀ ਟੀਮ ਨੇ ਦੂਜੇ ਹਾਫ਼ ਵਿੱਚ ਵਾਪਸੀ ਲਈ ਕਈ ਯਤਨ ਕੀਤੇ, ਪਰ ਗੋਮੇਜ ਨੇ 60ਵੇਂ ਮਿੰਟ ਵਿੱਚ ਟੋਰੇਸ ਦੇ ਪਾਸ ’ਤੇ ਲੰਮੀ ਦੂਰੀ ਤੋਂ ਕਰਾਰਾ ਸ਼ਾਟ ਜੜਦਿਆਂ ਸਪੇਨ ਨੂੰ 2-0 ਨਾਲ ਅੱਗੇ ਕਰ ਦਿੱਤਾ। ਉਪਰੰਤ ਟੋਰੇਸ ਨੇ ਮੁਹੰਮਦ ਮੋਕਿਲਸ ਦੇ ਕਰਾਸ ’ਤੇ ਗੋਲ ਕਰਕੇ ਆਪਣਾ ਨਾ ਸਕੋਰਰ ਦੀ ਸੂਚੀ ’ਚ ਦਰਜ ਕਰਾ ਦਿੱਤਾ।
ਇਰਾਨ ਨੇ ਹਾਲਾਂਕਿ ਹਾਰ ਨਹੀਂ ਮੰਨੀ ਤੇ ਵਾਪਸੀ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਟੀਮ ਨੇ ਜਵਾਬੀ ਹਮਲਾ ਕੀਤਾ ਤੇ ਕਰੀਮੀ ਨੇ ਇਸ ਦਾ ਲਾਹਾ ਲੈਂਦਿਆਂ ਗੋਲ ਵੀ ਕਰ ਦਿੱਤਾ, ਪਰ ਇਸ ਨਾਲ ਮੈਚ ਦੇ ਨਤੀਜੇ ’ਤੇ ਕੋਈ ਅਸਰ ਨਾ ਪਿਆ। ਸਪੇਨ ਤੇ ਮਾਲੀ ਹੁਣ ਬੁੱਧਵਾਰ ਨੂੰ ਨਵੀ ਮੁੰਬਈ ’ਚ ਸੈਮੀ ਫਾਈਨਲ ਮੁਕਾਬਲਾ ਖੇਡਣਗੇ।