ਦੋਹਾ, 18 ਨਵੰਬਰ

ਫੁਟਬਾਲ ਵਿਸ਼ਵ ਕੱਪ ਦੇ ਅੱਠ ਸਟੇਡੀਅਮਾਂ ਵਿੱਚ ‘ਅਲਕੋਹਲ’ ਵਾਲੀ ਬੀਅਰ ਵੇਚਣ ’ਤੇ ਅੱਜ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫ਼ੈਸਲਾ ਫੀਫਾ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਲਿਆ ਗਿਆ ਹੈ। ‘ਅਲਕੋਹਲ’ ਮੁਕਤ ਬੀਅਰ ਦੇਸ਼ ਵਿੱਚ ਹੋਣ ਵਾਲੇ 64 ਮੈਚਾਂ ਵਿੱਚ ਵੇਚੀ ਜਾਵੇਗੀ। ਫੀਫਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੇਜ਼ਬਾਨ ਦੇਸ਼ ਦੇ ਅਧਿਕਾਰੀਆਂ ਅਤੇ ਫੀਫਾ ਦਰਮਿਆਨ ਚਰਚਾ ਮਗਰੋਂ ਸਟੇਡੀਅਮ ਦੇ ਕੰਪਲੈਕਸ ਤੋਂ ਬੀਅਰ ਦੀ ਵਿਕਰੀ ਨੂੰ ਹਟਾ ਕੇ ਫੀਫਾ ‘ਫੈਨ ਫੈਸਟੀਵਲ’, ਪ੍ਰਸ਼ੰਸਕਾਂ ਦੀਆਂ ਹੋਰ ਥਾਵਾਂ ਅਤੇ ਲਾਇਸੈਂਸ ਪ੍ਰਾਪਤ ਸਥਾਨ ’ਤੇ ‘ਅਲਕੋਹਲ’ ਵਾਲੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ’ਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।’’ ਸ਼ੈਂਪੇਨ, ਸ਼ਰਾਬ, ਵਿਸਕੀ ਅਤੇ ਹੋਰ ‘ਅਲਕੋਹਲ’ ਸਟੇਡੀਅਮ ਦੇ ‘ਲਗਜ਼ਰੀ ਮਹਿਮਾਨ ਖੇਤਰਾਂ’ ਵਿੱਚ ਪਰੋਸੇ ਜਾਣਗੇ। ਵਿਸ਼ਵ ਦੀ ਬੀਅਰ ਸਪਾਂਸਰ ਬਡਵਾਈਜ਼ਰ ਦੀ ਮੂਲ ਕੰਪਨੀ ਏਬੀ ਇਨਬੈੱਵ ਨੇ ਇਸ ਸਬੰਧੀ ਫੌਰੀ ਟਿੱਪਣੀ ਨਹੀਂ ਦਿੱਤੀ।