ਡੁਨੇਡਿਨ (ਨਿਊਜ਼ੀਲੈਂਡ), 27 ਜੁਲਾਈ
ਹਿਕਾਰੂ ਨਾਓਮੋਤੋ ਅਤੇ ਏਓਬਾ ਫੂਜੀਨੋ ਵੱਲੋਂ ਪਹਿਲੇ ਹਾਫ਼ ’ਚ ਕੀਤੇ ਦੋ ਗੋਲਾਂ ਸਦਕਾ ਇੱਥੇ ਮਹਿਲਾ ਵਿਸ਼ਵ ਕੱਪ ਫੁਟਬਾਲ ਦੇ ਇੱਕ ਮੈਚ ਵਿੱਚ ਜਾਪਾਨ ਨੇ ਕੋਸਟਾਰੀਕਾ ਨੂੰ 2-0 ਨਾਲ ਹਰਾ ਦਿੱਤਾ। ਜਪਾਨ ਹੁਣ ਗਰੁੱਪ-ਸੀ ਵਿੱਚੋਂ ਨਾਕਆਊਟ ’ਚ ਪਹੁੰਚ ਸਕਦਾ ਹੈ ਜੇਕਰ ਦੂਜੇ ਮੈਚ ’ਚ 6ਵੇਂ ਰੈਕਿੰਗ ਵਾਲਾ ਸਪੇਨ 77ਵੀਂ ਰੈਕਿੰਗ ਵਾਲੇ ਜ਼ਾਂਬੀਆ ਨੂੰ ਹਰਾ ਦੇਵੇ। ਮੈਚ ਦੌਰਾਨ ਜਾਪਾਨੀ ਖਿਡਾਰਨਾਂ ਨੇ ਪੂਰੀ ਤਰ੍ਹਾਂ ਆਪਣੀ ਪਕੜ ਬਣਾਈ ਰੱਖੀ।
ਜਪਾਨ ਵੱਲੋਂ ਪਹਿਲਾਂ ਗੋਲ ਹਿਕਾਰੂ ਨਾਓਮੋਤੋ ਨੇ 25ਵੇਂ ਮਿੰਟ ’ਚ ਦਾਗਿਆ ਅਤੇ ਇਸ ਮਗਰੋਂ ਏਓਬਾ ਫੂਜੀਨੋ ਨੇ ਟੀਮ ਵੱਲੋਂ ਦੂਜਾ ਗੋਲ ਕੀਤਾ। ਜਪਾਨ ਅਤੇ ਕੋਸਟਾਰੀਕਾ ਵਿਚਾਲੇ ਮੈਚ ਨੂੰ ਦੇਖਣ ਲਈ ਸਟੇਡੀਅਮ ’ਚ ਸਿਰਫ਼ 6,992 ਦਰਸ਼ਕ ਸਨ ਜਦਕਿ ਆਕਲੈਂਡ ਅਤੇ ਸਿਡਨੀ ’ਚ ਖੇਡੇ ਮੈਚਾਂ ਵਿੱਚ ਇੱਕ ਤੋਂ ਵੱਧ ਦਰਸ਼ਕ ਸਨ। ਜਪਾਨ ਦਾ ਸਾਹਮਣਾ ਹੁਣ ਵੈਲਿੰਗਟਨ ’ਚ ਸਪੇਨ ਨਾਲ ਹੋਵੇਗਾ ਜਦਕਿ ਕੋਸਟਾਰੀਕਾ ਦੀ ਟੱਕਰ ਜ਼ਾਂਬੀਆ ਨਾਲ ਹੋਵੇਗੀ।