ਆਕਲੈਂਡ, 28 ਜੁਲਾਈ
ਇੱਥੇ ਜਾਰੀ ਮਹਿਲਾ ਫੁਟਬਾਲ ਵਿਸ਼ਵ ਕੱਪ ਦੇ ਵੱਖ ਵੱਖ ਗਰੁੱਪ ਮੁਕਾਬਲਿਆਂ ਦੌਰਾਨ ਭਲਕੇ ਸ਼ੁੱਕਰਵਾਰ ਨੂੰ ਇੰਗਲੈਂਡ ਦੀ ਮਹਿਲਾ ਟੀਮ ਦਾ ਮੁਕਾਬਲਾ ਡੈਨਮਾਰਕ ਨਾਲ ਹੋਵੇਗਾ। ਇੰਗਲੈਂਡ ਗਰੁੱਪ ਡੀ ਵਿੱਚ ਡੈਨਮਾਰਕ ਨਾਲ ਸਿਖ਼ਰ ’ਤੇ ਹੈ। ਦੋਵੇਂ ਟੀਮਾਂ ਯੂਰੋਪੀਅਨ ਚੈਂਪੀਅਨਸ਼ਿਪ ਵਿੱਚ ਤਿੰਨ ਵਾਰ ਆਹਮੋ-ਸਾਹਮਣੇ ਮੁਕਾਬਲਾ ਕਰ ਚੁੱਕੀਆਂ ਹਨ ਪਰ ਮਹਿਲਾ ਵਿਸ਼ਵ ਕੱਪ ਵਿੱਚ ਇਹ ਉਨ੍ਹਾਂ ਦੀ ਪਹਿਲੀ ਟੱਕਰ ਹੋਵੇਗੀ। ਡੈਨਮਾਰਕ 2007 ਮਗਰੋਂ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਖੇਡ ਰਿਹਾ ਹੈ ਅਤੇ ਪਹਿਲੇ ਮੈਚ ਵਿੱਚ ਉਸ ਨੇ ਚੀਨ ਨੂੰ 1-0 ਨਾਲ ਹਰਾਇਆ। ਇਸ ਤੋਂ ਪਹਿਲਾ ਇੰਗਲੈਂਡ ਦੀ ਟੀਮ ਨੇ 22 ਜੁਲਾਈ ਨੂੰ ਹੈਤੀ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਵਿਰੋਧੀ ਟੀਮ ਨੂੰ ਸਖ਼ਤ ਮੁਕਾਬਲੇ ’ਚ 1-0 ਨਾਲ ਹਰਾਇਆ ਸੀ। ਹਾਲਾਂਕਿ ਇਸ ਮੈਚ ਦੌਰਾਨ ਟੀਮ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਸੀ, ਇਸ ਲਈ ਫੁਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਹੁਣ ਭਲਕ ਵਾਲੇ ਮੈਚ ’ਤੇ ਟਿਕੀਆਂ ਹੋਈਆਂ ਹਨ।