ਦੋਹਾ:ਕਪਤਾਨ ਸੁਨੀਲ ਛੇਤਰੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਫੀਫਾ ਵਿਸ਼ਵ ਕੱਪ 2022 ਤੇ ਏਸ਼ਿਆਈ ਕੱਪ 2023 ਕੁਆਲੀਫਾਇਰ ਮੁਕਾਬਲੇ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਦੀ ਪਹਿਲੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਦੀ ਏਸ਼ਿਆਈ ਕੁਆਲੀਫਾਇਰ ਦੇ ਤੀਸਰੇ ਗੇੜ ਵਿੱਚ ਸਿੱਧੇ ਕੁਆਲੀਫਾਈ ਕਰਨ ਦੀ ਉਮੀਦ ਵੱਧ ਗਈ ਹੈ। ਭਾਰਤ ਨੇ ਸ਼ੁਰੂਆਤ ’ਚ ਗੋਲ ਕਰਨ ਲਈ ਕੁਝ ਮੌਕੇ ਗਵਾਏ ਪਰ 79ਵੇਂ ਮਿੰਟ ਵਿੱਚ ਛੇਤਰੀ ਦੇ ਹੈਡਰ ਨਾਲ ਮੈਚ ਅਤੇ ਭਾਰਤ ਦਾ ਪਹਿਲਾ ਗੋਲ ਹੋਇਆ। ਭਾਰਤੀ ਕਪਤਾਨ ਨੇ ਆਖਰੀ ਪਲਾਂ (90+2) ਵਿੱਚ ਇੱਕ ਹੋਰ ਗੋਲ ਕਰ ਕੇ ਟੀਮ ਦੀ 2-0 ਨਾਲ ਜਿੱਤ ਪੱਕੀ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਦੇ ਛੇ ਮੈਚਾਂ ਵਿੱਚ ਸੱਤ ਅੰਕ ਹੋ ਗਏ ਹਨ।