ਦੋਹਾ:ਭਾਰਤ ਅਤੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਰੁੱਧ ਸੋਮਵਾਰ ਨੂੰ ਇੱਥੇ ਫੁਟਬਾਲ ਵਿਸ਼ਵ ਕੱਪ ਅਤੇ ਏਸ਼ਿਆਈ ਕੱਪ ਕੁਆਲੀਫਾਇਰ ਮੁਕਾਬਲਾ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ ਸ਼ਰਮਸਾਰ ਹੋਣ ਤੋਂ ਬਚਣ ਲਈ ਭਾਰਤ ਦਾ ਜਿੱਤਣਾ ਜ਼ਰੂਰੀ ਹੈ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਹਾਲੇ ਇੱਕ ਵੀ ਜਿੱਤ ਦਰਜ ਨਹੀਂ ਕੀਤੀ। ਭਾਰਤ ਪਹਿਲਾਂ ਹੀ ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਦੀ ਦੌੜ ਤੋਂ ਬਾਹਰ ਹੋ ਗਿਆ ਹੈ ਅਤੇ 2023 ਏਸ਼ਿਆਈ ਕੱਪ ’ਚ ਜਗ੍ਹਾ ਬਣਾਉਣ ਲਈ ਅਗਲਾ ਮੁਕਾਬਲਾ ਜਿੱਤਣਾ ਬਹੁਤ ਜ਼ਰੂਰੀ ਹੈ। ਭਾਰਤ ਛੇ ਮੈਚਾਂ ਵਿੱਚ ਮਹਿਜ਼ ਤਿੰਨ ਅੰਕਾਂ ਨਾਲ ਗਰੁੱਪ-ਈ ਵਿੱਚ ਚੌਥੇ ਸਥਾਨ ’ਤੇ ਹੈ। ਜੇ ਭਾਰਤ ਸੋਮਵਾਰ ਨੂੰ ਜਿੱਤ ਜਾਂਦਾ ਹੈ ਤਾਂ ਇਹ ਉਸ ਦੀ ਵਿਸ਼ਵ ਕੱਪ ਕੁਆਲੀਫਾਇਰਜ਼ ਵਿੱਚ ਛੇ ਸਾਲਾਂ ’ਚ ਪਹਿਲੀ ਜਿੱਤ ਹੋਵੇਗੀ।