ਡਾਲੀਆਨ: ਭਾਰਤੀ ਫੁਟਬਾਲ ਟੀਮ ਨੂੰ ਅੱਜ ਇੱਥੇ ਯੂਏਈ ਖ਼ਿਲਾਫ਼ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਲਗਾਤਾਰ ਦੂਜੀ ਹਾਰ ਨਾਲ ਏਐੱਫਸੀ ਅੰਡਰ-23 ਏਸ਼ਿਆਈ ਕੱਪ 2024 ਕੁਆਲੀਫਿਕੇਸ਼ਨ ਵਿੱਚ ਉਸ ਦੀ ਮੁਹਿੰਮ ਸਮਾਪਤ ਹੋ ਗਈ। ਭਾਰਤ ਗਰੁੱਪ-ਜੀ ’ਚ ਆਖਰੀ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ ਉਸ ਨੂੰ ਚੀਨ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਯੂਏਈ ਦੀ ਟੀਮ ਚਾਰ ਅੰਕਾਂ ਅਤੇ ਬਿਹਤਰ ਗੋਲ ਅੰਤਰ ਕਰਕੇ ਸਿਖਰ ’ਤੇ ਰਹੀ। ਚੀਨ ਦੇ ਵੀ ਚਾਰ ਅੰਕ ਹਨ। ਚੀਨ ਕੋਲ ਹੁਣ ਦੂਜੇ ਸਥਾਨ ’ਤੇ ਰਹਿਣ ਵਾਲੀਆਂ ਚਾਰ ਸਰਬੋਤਮ ਟੀਮਾਂ ’ਚੋਂ ਇੱਕ ਵਜੋਂ ਅਗਲੇ ਗੇੜ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਹੈ। ਅੱਜ ਯੂਏਈ ਨੇ 26ਵੇਂ ਮਿੰਟ ਵਿੱਚ ਮੁਹੰਮਦ ਅੱਬਾਸ ਅਲਬਲੂਸ਼ੀ ਦੇ ਗੋਲ ਦੀ ਮਦਦ ਨਾਲ ਲੀਡ ਲਈ। ਟੀਮ ਲਈ ਦੂਜਾ ਗੋਲ ਸੁਲਤਾਨ ਆਦਿਲ ਅਲਾਮੀਰੀ ਨੇ ਕੀਤਾ। ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਭਾਰਤ ਨੇ ਤੇਜ਼ੀ ਦਿਖਾਈ। ਭਾਰਤੀ ਖਿਡਾਰੀਆਂ ਨੇ ਕੁਝ ਚੰਗੇ ਮੌਕੇ ਬਣਾਏ ਪਰ ਯੂਏਈ ਦੇ ਡਿਫੈਂਸ ਨੂੰ ਪਾਰ ਕਰਨ ਵਿੱਚ ਨਾਕਾਮ ਰਹੇ।