ਨਵੀਂ ਦਿੱਲੀ, ਭਾਰਤ ਦੀ ਪੁਰਸ਼ ਫੁਟਬਾਲ ਟੀਮ ਨੇ ਸੈਫ ਅੰਡਰ-18 ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਕਾਠਮੰਡੂ ਵਿੱਚ ਅੱਜ ਬੰਗਲਾਦੇਸ਼ ਨੂੰ 2-1 ਗੋਲਾਂ ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ਆਪਣੇ ਨਾਮ ਕੀਤਾ। ਭਾਰਤੀ ਟੀਮ ਨੇ ਮੈਚ ਦੇ ਦੂਜੇ ਮਿੰਟ ਵਿੱਚ ਹੀ ਵਿਕਰਮ ਪ੍ਰਤਾਪ ਸਿੰਘ ਦੇ ਗੋਲ ਦੀ ਬਦੌਲਤ ਲੀਡ ਕਾਇਮ ਕਰ ਲਈ, ਪਰ ਯਾਸਿਨ ਅਰਾਫਾਤ ਨੇ 40ਵੇਂ ਮਿੰਟ ਵਿੱਚ ਬੰਗਲਾਦੇਸ਼ ਲਈ ਗੋਲ ਕਰਕੇ ਸਕੋਰ ਨੂੰ ਬਰਾਬਰ ਕਰ ਦਿੱਤਾ।
ਮੈਚ ਖ਼ਤਮ ਹੋਣ ਤੋਂ ਪਹਿਲਾਂ ਆਖ਼ਰੀ ਪਲਾਂ ਵਿੱਚ ਰਵੀ ਬਹਾਦਰ ਰਾਣਾ ਨੇ 30 ਗਜ ਦੀ ਦੂਰੀ ਤੋਂ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ ਚੈਂਪੀਅਨ ਬਣਾਇਆ।
ਭਾਰਤੀ ਟੀਮ ਦੇ ਮੁੱਖ ਕੋਚ ਫਲੋਇਡ ਪਿੰਟੋ ਨੇ ਕਿਹਾ, ‘‘ਮੈਂ ਕਿਹਾ ਸੀ ਕਿ ਸੈਫ ਚੈਂਪੀਅਨ ਬਣਨ ਲਈ ਮਿਸਾਲੀ ਪ੍ਰਦਰਸ਼ਨ ਕਰਨਾ ਹੋਵੇਗਾ ਅਤੇ ਰਵੀ ਦੀ ਸ਼ਾਨਦਾਰ ਕਿੱਕ ਨੇ ਸਾਡੇ ਲਈ ਉਹੀ ਕੀਤਾ।’’ ਉਸ ਨੇ ਕਿਹਾ, ‘‘ਅਸੀਂ ਟੂਰਨਾਮੈਂਟ ਵਿੱਚ ਸਭ ਤੋਂ ਬਿਹਤਰ ਟੀਮ ਹੋਣ ਦੇ ਨਾਲ-ਨਾਲ ਸਭ ਤੋਂ ਪ੍ਰਭਾਵਸ਼ਾਲੀ ਟੀਮ ਵੀ ਸੀ। ਮੈਂ ਇਨ੍ਹਾਂ ਖਿਡਾਰੀਆਂ ਲਈ ਕਾਫ਼ੀ ਖ਼ੁਸ਼ ਹਾਂ। ਇਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਹੈ।’’
ਉਨ੍ਹਾਂ ਕਿਹਾ ਕਿ ਲੜਕਿਆਂ ਦੀ ਖੇਡ-ਭਾਵਨਾ ਅਤੇ ਦ੍ਰਿੜ੍ਹਤਾ ਮਿਸਾਲੀ ਸੀ।
ਭਾਰਤ ਦੇ ਨਿੰਥੋਇੰਗਾਂਬਾ ਮੀਤੇਈ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਸਰਬ ਭਾਰਤੀ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਵੀ ਟੀਮ ਨੂੰ ਵਧਾਈ ਦਿੱਤੀ। ਪਟੇਲ ਨੇ ਕਿਹਾ, ‘‘ਟੀਮ ਨੇ ਹਰ ਮੈਚ ਨਾਲ ਸੁਧਾਰ ਕੀਤਾ। ਇਹ ਜਿੱਤ ਭਾਰਤ ਦੀਆਂ ਉਭਰਦੀਆਂ ਟੀਮਾਂ ਲਈ ਦੂਹਰੀ ਖ਼ੁਸ਼ੀ ਵਾਲੀ ਗੱਲ ਹੈ। ਬੀਤੇ ਹਫ਼ਤੇ ਅੰਡਰ-16 ਟੀਮ ਨੇ ਏਐੱਫਸੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ।’’ ਜਨਰਲ ਸਕੱਤਰ ਕੁਸ਼ਾਲ ਦਾਸ ਨੇ ਕਿਹਾ, ‘‘ਸਾਰਿਆਂ ਨੂੰ ਵਧਾਈਆਂ। ਇਸ ਜਿੱਤ ਨਾਲ ਨਵੰਬਰ ਵਿੱਚ ਹੋਣ ਵਾਲੇ ਏਐੱਫਸੀ ਅੰਡਰ-19 ਕੁਆਲੀਫਾਇਰਜ਼ ਤੋਂ ਪਹਿਲਾਂ ਖਿਡਾਰੀਆਂ ਦਾ ਹੌਸਲਾ ਵਧੇਗਾ।’’