ਕੋਲਕਾਤਾ, 21 ਮਾਰਚ
ਭਾਰਤ ਦੇ ਪ੍ਰਸਿੱਧ ਫੁਟਬਾਲਰ ਪੀ.ਕੇ. ਬੈਨਰਜੀ ਦਾ ਲੰਬੀ ਬਿਮਾਰੀ ਮਗਰੋਂ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ ਤੇ ਉਹ ਲੱਗਪਗ 51 ਵਰ੍ਹੇ ਭਾਰਤੀ ਫੁਟਬਾਲ ਖੇਤਰ ਨਾਲ ਜੁੜੇ ਰਹੇ। ਬੈਨਰਜੀ ਦੇ ਪਰਿਵਾਰ ’ਚ ਉਨ੍ਹਾਂ ਦੀਆਂ ਬੇਟੀ ਪਾਓਲਾ ਅਤੇ ਪੂਰਨਾ (ਦੋਵੇਂ ਸਿੱਖਿਆ ਸ਼ਾਸਤਰੀ) ਹਨ। ਉਨ੍ਹਾਂ ਦਾ ਛੋਟਾ ਭਰਾ ਪ੍ਰਸੂਨ ਬੈਨਰਜੀ ਤ੍ਰਿਣਮੂਲ ਕਾਂਗਰਸ ਵੱਲੋਂ ਸੰਸਦ ਮੈਂਬਰ ਹੈ।
ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜੇਤੂ ਬੈਨਰਜੀ ਭਾਰਤੀ ਫੁਟਬਾਲ ਦੇ ਸੁਨਹਿਰੇ ਕਾਲ ਦੇ ਗਵਾਹ ਰਹੇ ਹਨ। ਉਹ ਪਿਛਲੇ ਕੁਝ ਸਮੇਂ ਤੋਂ ਨਿਮੋਨੀਆ ਕਾਰਨ ਛਾਤੀ ਦੀ ਇਨਫੈਕਸ਼ਨ ਦਾ ਸ਼ਿਕਾਰ ਸਨ। ਉਨ੍ਹਾਂ ਨੂੰ ਦਿਲ ਦੀ ਬਿਮਾਰੀ ਅਤੇ ਡਿਮਨੇਸ਼ੀਆ ਵੀ ਸੀ। ਉਹ ਦੋ ਮਾਰਚ ਤੋਂ ਮੈਡੀਕਾ ਸੁਪਰਸਪੈਸ਼ਲਟੀ ਹਸਪਤਾਲ ’ਚ ਵੈਂਟੀਲੇਟਰ ’ਤੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਰਾਤ 12:40 ’ਤੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਜਨਮ 23 ਜੂਨ 1936 ਜਲਪਾਈਗੁੜੀ ਦੇ ਬਾਹਰੀ ਇਲਾਕੇ ’ਚ ਸਥਿਤ ਮੋਯਨਾਗੁੜੀ ’ਚ ਹੋਇਆ ਤੇ ਵੰਡ ਮਗਰੋਂ ਉਹ ਜਮਸ਼ੇਦਪੁਰ ਆ ਗਏ। ਉਨ੍ਹਾਂ ਨੇ ਭਾਰਤ ਲਈ 84 ਮੈਚ ਖੇਡੇ ਅਤੇ 65 ਗੋਲ ਕੀਤੇ। ਜਕਾਰਤਾ ਏਸ਼ਿਆਈ ਖੇਡਾਂ-1962 ’ਚ ਸੋਨ ਤਗ਼ਮਾ ਜਿੱਤਣ ਵਾਲੇ ਬੈਨਰਜੀ ਨੇ 1960 ਦੀਆਂ ਰੋਮ ਓਲੰਪਿਕ ਖੇਡਾਂ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਫਰਾਂਸ ਵਿਰੁੱਧ 1-1 ਨਾਲ ਡਰਾਅ ਰਹੇ ਮੈਚ ਵਿੱਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਇਲਾਵਾ ਮੈਲਬੌਰਨ ਓਲੰਪਿਕ-1956 ’ਚ ਕੁਆਰਟਰ ਫਾਈਨਲ ’ਚ ਆਸਟਰੇਲੀਆ ਖ਼ਿਲਾਫ਼ ਮਿਲੀ 4-1 ਨਾਲ ਜਿੱਤ ਵਿੱਚ ਵੀ ਬੈਨਰਜੀ ਨੇ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਇਨ੍ਹਾਂ ਖੇਡਾਂ ’ਚ ਚੌਥੇ ਸਥਾਨ ’ਤੇ ਰਿਹਾ ਸੀ। ‘ਫੀਫਾ’ ਵੱਲੋਂ ਉਨ੍ਹਾਂ ਸਾਲ 2004 ਵਿੱਚ ‘ਸ਼ਤਾਬਦੀ ਆਰਡਰ ਆਫ ਮੈਰਿਟ’ ਪ੍ਰਦਾਨ ਕੀਤਾ ਗਿਆ ਸੀ। ਬਿਹਾਰ ਲਈ ਸੰਤੋਸ਼ ਟਰਾਫੀ-1952 ’ਚ ਕੈਰੀਅਰ ਸ਼ੁਰੂ ਕਰਨ ਵਾਲੇ ਬੈਨਰਜੀ 51 ਸਾਲ ਬਾਅਦ ਮੁਹੰਮਦਨ ਸਪੋਰਟਿੰਗ ਦੇ ਕੋਚ ਰਹੇ। ਉਹ ਭਾਰਤੀ ਫੁਟਬਾਲ ਦੀ ਉਸ ਦਿੱਗਜ਼ ਤਿੱਕੜੀ ਦੇ ਮੈਂਬਰ ਸਨ, ਜਿਸ ਚੁੰਨੀ ਗੋਸਵਾਮੀ ਅਤੇ ਤੁਲਸੀਦਾਸ ਸ਼ਾਮਲ ਸਨ।
ਪੀ.ਕੇ. ਬੈਨਰਜੀ ਨੇ 1967 ’ਚ ਫੁਟਬਾਲ ਤੋਂ ਸੰਨਿਆਸ ਲੈ ਲਿਆ ਸੀ ਬਤੌਰ ਕੋਚ ਵੀ ਉਨ੍ਹਾਂ ਨੇ 54 ਟਰਾਫ਼ੀਆਂ ਜਿੱਤੀਆਂ। ਉਹ ਤਾਉਮਰ ਪੂਰਬੀ ਰੇਲਵੇ ਦੀ ਟੀਮ ਦੇ ਮੈਂਬਰ ਰਹੇ। ਕੋਲਕਾਤਾ ’ਚ ਉਨ੍ਹਾਂ ਨੇ ਆਰੀਅਨ ਐੱਫਸੀ ਨਾਲ ਕਲੱਬ ਕੈਰੀਅਰ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਕਿਹਾ ਸੀ, ‘ਮੈਂ ਕੋਲਕਾਤਾ ਛੱਡ ਕੇ ਜਾਣ ਦੀ ਸੋਚ ਰਿਹਾ ਸੀ ਜਦ ਬਾਘਾ ਸ਼ੋਮ ਨੇ ਮੈਨੂੰ ਭਾਰਤੀ ਰੇਲਵੇ ’ਚ ਨੌਕਰੀ ਦੀ ਪੇਸ਼ਕਸ਼ ਕੀਤੀ।’