ਚੰਡੀਗੜ੍ਹ, 14 ਦਸੰਬਰ

         ਮਿਲਟਰੀ ਲਿਟਰੇਚਰ ਫੈਸਟੀਵਲ‑2019 ਦੇ ਦੂਜੇ ਦਿਨ ਅੱਜ ‘ਫੀਲਡ ਮਾਰਸ਼ਲ ਵਿਲੀਅਮ ਸਲਿਮ ਦੇ ਅਗਵਾਈ ਗੁਣ ਤੇ ਉਸਦੀਆਂ ਮੁਹਿੰਮਾਂ’ ਵਿਸ਼ੇ ਤੇ ਵਿਚਾਰ ਚਰਚਾ ਹੋਈ। ਇਸ ਵਿਚਾਰ ਚਰਚਾ ਸੈਸ਼ਨ ਦੀ ਪ੍ਰਧਾਨਗੀ ਲੈਫ. ਜਨਰਲ ਰਿਟਾਇਰਡ ਸ੍ਰੀ ਟੀਐਸ ਸ਼ੇਰਗਿੱਲ ਨੇ ਕੀਤੀ ਜਦ ਕਿ ਮੇਜਰ ਜਨਰਲ ਏ. ਪੀ. ਸਿੰਘ, ਕਰਨਲ ਰਿਟਾ: ਡਾ: ਰੌਬਰਟ ਲੇਮਨ ਅਤੇ ਬ੍ਰਿਗੇਡੀਅਰ ਰਿਟਾ: ਐਲਨ ਮਲਿਨਸਨ ਨੇ ਇਸ ਭਖਵੀਂ ਚਰਚਾ ਵਿਚ ਸ਼ਿਰਕਤ ਕਰਦਿਆਂ ਫੀਲਡ ਮਾਰਸ਼ਲ ਵਿਲੀਅਮ ਸਲਿਮ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਛੋਹਿਆਂ। ਚਰਚਾ ਦੌਰਾਨ ਵਕਤਾਵਾਂ ਨੇ ਮੰਨਿਆਂ ਕਿ ਵਿਲੀਅਮ ਸਲਿਮ ਸੈਨਿਕਾਂ ਦੇ ਹੱਕ ਦਾ ਸੈਨਿਕ ਸੀ ਅਤੇ ਉਹ ਬਰਤਾਨਵੀ ਜਨਰਲ ਦੀ ਬਜਾਏ ਭਾਰਤੀ ਜਨਰਲ ਕਰਕੇ ਜਿਆਦਾ ਜਾਣਿਆ ਜਾਂਦਾ ਹੈ।

         ਚਰਚਾ ਦੀ ਸ਼ੁਰੂਆਤ ਕਰਦਿਆਂ ਲੈਫ: ਜਨਰਲ ਟੀਐਸ ਸ਼ੇਰਗਿੱਲ ਨੇ ਕਿਹਾ ਕਿ ਫੀਲਡ ਮਾਰਸ਼ਲ ਵਿਲੀਅਮ ਸਲਿਮ ਦੀ ਇਕ ਖਾਸ਼ੀਅਤ ਸੀ ਉਹ ਕਿ ਆਪਣੇ ਕਮਾਨ ਦਾ ਚੰਗਾ ਮੈਨੇਜਰ ਸੀ ਅਤੇ ਉਹ ਜੋ ਵੀ ਉਨ੍ਹਾਂ ਤੋਂ ਚਾਹੁੰਦਾ ਸੀ ਉਹ ਉਨ੍ਹਾਂ ਤੋਂ ਕਰਵਾਉਣ ਵਿਚ ਸਫਲ ਹੋ ਜਾਂਦਾ ਸੀ। ਜਦ ਕਿ ਉਸਦੇ ਜਵਾਨ ਉਸਨੂੰ ਆਪਣੇ ਵਿਚੋਂ ਹੀ ਇਕ ਸਮਝਦੇ ਸਨ ਇਸੇ ਲਈ ਉਸਨੂੰ ਸੈਨਿਕਾਂ ਦਾ ਸੈਨਿਕ ਕਿਹਾ ਜਾਂਦਾ ਸੀ। ਉਸਦੇ ਅਜਿਹੇ ਹੀ ਨਿੱਘੇ ਸੁਭਾਅ ਕਾਰਨ ਉਸਨੂੰ ਅੰਕਲ ਬਿੱਲ ਵੀ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਫੌਜ ਦੇ ਉਤਸਾਹ ਵਾਧੇ ਵਿਚ ਮਹੱਤਵਪੂਰਨ ਭੁਮਿਕਾ ਨਿਭਾਉਂਦਾ ਸੀ ਅਤੇ ਉਸਨੂੰ ਇਕ ਬਰਤਾਨਵੀ ਜਨਰਲ ਦੀ ਬਜਾਏ ਭਾਰਤੀ ਜਨਰਲ ਵਧੇਰੇ ਸਮਝਿਆ ਜਾਂਦਾ ਹੈ ਕਿਉਂਕਿ ਉਸਦੇ ਸੈਨਿਕਾਂ ਵਿਚ ਅੱਧਿਓ ਵੱਧ ਭਾਰਤੀ ਸਨ।

         ਕਰਨਲ ਰਿਟਾ: ਡਾ: ਰੌਬਰਟ ਲੇਮਨ ਨੇ ਕਿਹਾ ਕਿ ਮਾਰਚ 1942 ਦੀ ਗੱਲ ਹੈ ਜਦੋਂ ਵਿਲੀਅਮ ਸਲਿਮ ਨੂੰ ਬਰਮਾ ਵਿਚ ਫੌਜ ਦੀ ਕਮਾਂਡ ਕਰਨ ਲਈ ਪਦਉੱਨਤ ਕਰਕੇ ਭੇਜਿਆ ਗਿਆ ਸੀ ਜਿੱਥੇ ਜਪਾਨੀਆਂ ਨਾਲ ਬਰਤਾਨਵੀਂ ਫੌਜਾਂ ਦਾ ਪੇਚਾ ਪਿਆ ਹੋਇਆ ਸੀ। ਉਸਨੂੰ ਜਦ ਆਪਣੀ ਨਫਰੀ ਘੱਟ ਹੋਣ ਤੇ ਬਾਵਜੂਦ 900 ਮੀਲ ਦੀ ਵਾਪਸੀ‑ਰੀਟਰੀਟ ਕਰਨੀ ਪਈ ਤਾਂ ਵੀ ਉਨ੍ਹਾਂ ਨੇ ਆਪਣੀ ਫੌਜ ਦੇ ਹੌਂਸਲੇ ਨਹੀਂ ਢਹਿਣ ਦਿੱਤੇ ਅਤੇ ਇਸ ਦੌਰਾਨ ਆਪਣੇ ਸੈਨਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਉਨ੍ਹਾਂ ਨੇ ਕਿਹਾ ਕਿ ਉਸਨੇ ਪਹਿਲੀ ਤੇ ਦੂਜੀ ਸੰਸਾਰ ਜੰਗ ਵਿਚ ਸਿਰਕਤ ਕੀਤੀ ਅਤੇ ਤਿੰਨ ਵਾਰ ਉਹ ਜੰਗ ਵਿਚ ਜਖ਼ਮੀ ਵੀ ਹੋਇਆ। ਦੂਜੀ ਵਿਸ਼ਵ ਜੰਗ ਵਿਚ ਉਸਨੇ ਬਰਮਾ ਦੀ ਮੁਹਿੰਮ ਵਿਚ 14ਵੀਂ ਆਰਮੀ ਦੀ ਕਮਾਂਡ ਕੀਤੀ ਜਿਸ ਨੂੰ ‘ਭੁੱਲੀ ਵਿਸਰੀ ਫੌਜ’ ਕਿਹਾ ਜਾਂਦਾ ਸੀ ਨੂੰ ਕਮਾਂਡ ਕਰਕੇ ਆਪਣਾ ਲੋਹਾ ਮੰਨਵਾਇਆ। ਦੂਜੀ ਸੰਸਾਰ ਜੰਗ ਤੋਂ ਬਾਅਦ ਉਹ ਬਰਤਾਨਵੀ ਫੌਜ ਦਾ ਪਹਿਲਾ ਅਫਸਰ ਬਣਿਆ ਜਿਸ ਨੇ ਭਾਰਤੀ ਫੌਜ ਲਈ ਕੰਮ ਕੀਤਾ ਹੋਵੇ ਤੇ ਜੋ ਚੀਫ ਆਫ ਦਾ ਇੰਪੀਰੀਅਲ ਜਨਰਲ ਸਟਾਫ ਬਣਿਆ ਹੋਵੇ।

ਬ੍ਰਿਗੇਡੀਅਰ ਰਿਟਾ: ਐਲਨ ਮੈਲਿਨਸਨ ਨੇ ਚਰਚਾ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਵਿਲੀਅਮ ਸਲਿਮ ਨੇ 1944 ਅਰਕਾਨ ਵਿਖੇ ਲਗਭਗ ਕਾਮਯਾਬ ਹਮਲੇ ਦੀ ਅਗਵਾਈ ਕੀਤੀ ਜਿਸ ਤੋਂ ਬਾਅਦ ਉਹ ਇੰਫਾਲ ਤੇ ਕੋਹਿਮਾਂ ਦੀ ਲੜਾਈ ਵਿਚ ਜਪਾਨੀਆਂ ਨੂੰ ਪਿੱਛੇ ਧੱਕਣ ਵਿਚ ਕਾਮਯਾਬ ਹੋਇਆ। ਉਨ੍ਹਾਂ ਕਿਹਾ ਕਿ ਵਿਲੀਅਮ ਸਲਿਮ ਇਕ ਸਖ਼ਤ ਜਾਨ ਜੰਗਜੂ ਸੀ ਜਿਸ ਨੇ ਜੰਗੀ ਕਲਾ ਨੂੰ ਸਮੇਂ ਦੇ ਨਾਲ ਨਿਖਾਰਿਆ। ਉਹ ਆਪਣੇ ਜਵਾਨਾਂ ਦੇ ਹੌਂਸਲੇ ਬੁਲੰਦ ਰੱਖਣ ਲਈ ਜਾਣਿਆ ਜਾਂਦਾ ਸੀ ਅਤੇ ਉਹ ਜਵਾਨਾਂ ਨੂੰ ਹਰ ਪ੍ਰਕਾਰ ਨਾਲ ਲੜਾਈ ਦੇ ਸਮਰੱਥ ਬਣਾਈ ਰੱਖਦਾ ਸੀ। ਉਹ ਵਿਰੋਧੀਆਂ ਤੋਂ ਕਿਤੇ ਤੇਜੀ ਨਾਲ ਉਨ੍ਹਾਂ ਦੀਆਂ ਜੰਗੀ ਕਸਰਤਾਂ ਸਮਝ ਕੇ ਯੋਜਨਾਬੰਦੀ ਕਰਕੇ ਆਪਣੀ ਫੌਜ ਦੀ ਜਿੱਤ ਯਕੀਨੀ ਕਰਦਾ ਸੀ।

         ਮੇਜਰ ਜਨਰਲ ਏ.ਪੀ. ਸਿੰਘ ਨੇ ਕਿਹਾ ਕਿ ਫੀਲਡ ਮਾਰਸ਼ਲ ਵਿਲੀਅਮ ਸਲਿਮ ਦਾ ਆਪਣੇ ਫੌਜੀਆਂ ਨਾਲ ਬਹੁਤ ਹੀ ਨਿੱਘਾ ਰਿਸਤਾ ਹੁੰਦਾ ਸੀ। ਆਪਣੀ ਪੁਸਤਕ ‘ਡੀਫੀਟ ਇੰਨ ਟੂ ਵਿਕਟਰੀ’ ਵਿਚ ਉਸਨੇ ਲਿਖਿਆ ਹੈ ਕਿ ਉਸਦੀ ਫੌਜ ਵਿਚ ਮਲੇਰੀਏ ਦੀ ਬਿਮਾਰੀ ਦਾ ਬਹੁਤ ਪ੍ਰਕੋਪ ਸੀ ਕਿਉਂਕਿ ਬੇਸੁਆਦੀ ਦਵਾਈ ਸੈਨਿਕ ਨਹੀਂ ਲੈ ਰਹੇ ਸਨ। ਪਰ ਸਲਿਮ ਨੇ ਇਸਦਾ ਦੋਸ਼ ਡਾਕਟਰਾਂ ਤੇ ਪਾਉਣ ਦੀ ਬਜਾਏ ਆਪਣੇ ਸਟਾਫ ਦੀ ਜਿੰਮੇਦਾਰੀ ਤੈਅ ਕੀਤੀ ਅਤੇ ਬਿਮਾਰੀ ਦਾ ਅਸਰ ਘਟਾਉਣ ਵਿਚ ਕਾਮਯਾਬ ਹੋਇਆ। ਉਸਨੇ ਜਦ ਮਲੇਰੀਆ ਦੀ ਰੋਕਥਾਮ ਵਿਚ ਭੁਮਿਕਾ ਨਾ ਨਿਭਾਊਣ ਵਾਲੇ ਕੁਝ ਅਫ਼ਸਰਾਂ ਤੇ ਕਾਰਵਾਈ ਕੀਤੀ ਤਾਂ ਦੂਜਿਆਂ ਨੂੰ ਸਮਝ ਆ ਗਈ ਕਿ ਇਹ ਕਿੰਨੀ ਗੰਭੀਰ ਸੱਮਸਿਆ ਹੈ ਅਤੇ ਜਦ ਸਭ ਨੇ ਯਤਨ ਕੀਤੇ ਤਾਂ ਮਲੇਰੀਏ ਦਾ ਪ੍ਰਕੋਪ ਘੱਟ ਕੇ 5 ਫੀਸਦੀ ਰਹਿ ਗਿਆ ਜੋ ਕਿ ਪਹਿਲਾਂ 70 ਫੀਸਦੀ ਤੱਕ ਸੀ। ਉਸਦੀ ਆਪਣੇ ਫੌਜੀਆਂ ਨਾਲ ਨਿੱਘਾ ਰਿਸਤਾ, ਉਨ੍ਹਾਂ ਦੀਆਂ ਮੁਸਕਿਲਾਂ ਹੱਲ ਕਰਨ ਦੇ ਯਤਨ, ਉਨ੍ਹਾਂ ਨੂੰ ਸੁਵਿਧਾਵਾਂ ਦੇਣ ਦੀ ਕੋਸ਼ਿਸ ਨੇ ਉਸਦੀ ਫੌਜ ਦੇ ਹੌਂਸਲੇ ਵਧਾਏ ਅਤੇ ਇਹੀ ਬਰਮਾ ਵਿਚ ਉਸਦੀ ਜਪਾਨੀਆਂ ਤੇ ਜਿੱਤ ਦਾ ਅਧਾਰ ਬਣਿਆ।