ਵੈਲਿੰਗਟਨ (ਨਿਊਜ਼ੀਲੈਂਡ), 5 ਅਗਸਤ
ਜਪਾਨ ਨੇ ਫੀਫਾ ਮਹਿਲਾ ਵਿਸ਼ਵ ਕੱਪ ’ਚ ਅੱਜ ਨਾਰਵੇ ਨੂੰ 3-1 ਨਾਲ ਹਰਾ ਕੇ ਚੌਥੀ ਵਾਰ ਮਹਿਲਾ ਫੁਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਹਿਨਾਤਾ ਮਿਯਾਜ਼ਾਵਾ ਨੇ ਮੈਚ ਦੌਰਾਨ 81ਵੇਂ ਮਿੰਟ ’ਚ ਗੋਲ ਦਾਗਦਿਆਂ ਟੀਮ ਦੀ ਜਿੱਤ ਪੱਕੀ ਕੀਤੀ। ਇਹ ਮਿਯਾਜ਼ਾਵਾ ਦਾ ਟੂਰਨਾਮੈਂਟ ’ਚ ਪੰਜਵਾਂ ਗੋਲ ਸੀ ਅਤੇ ਉਹ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਬਣੀ ਹੋਈ ਹੈ। ਨਾਰਵੇ ਵੱਲੋਂ ਇਕਲੌਤਾ ਗੁਰੋ ਰੇਈਟੇਨ ਨੇ ਗੋਲ 21ਵੇਂ ਮਿੰਟ ’ਚ ਕੀਤਾ। ਜਪਾਨ ਦੀ ਟੀਮ ਹੁਣ ਤੱਕ ਟੂਰਨਾਮੈਂਟ ’ਚ 14 ਗੋਲ ਕਰ ਚੁੱਕੀ ਹੈ। ਜਪਾਨ ਨੇ ਪਹਿਲੇ ਹਾਫ਼ ’ਚ ਨਾਰਵੇ ਦੀ ਇੰਗਰਿਡ ਸਿਰਸਟੈੱਡ ਐਂਗੇਨੇ ਦੇ ਆਤਮਘਾਤੀ ਗੋਲ ਨਾਲ ਖਾਤਾ ਖੋਲ੍ਹਿਆ। ਪਹਿਲੇ ਹਾਫ ’ਚ ਦੋਵੇਂ ਟੀਮਾਂ 1-1 ਗੋਲ ਨਾਲ ਬਰਾਬਰ ਸਨ। ਇਸ ਮਗਰੋਂ ਜਪਾਨ ਨੇ ਰਿਸਾ ਸ਼ਿਮਜ਼ੂ ਵੱਲੋਂ 50ਵੇਂ ਮਿੰਟ ’ਚ ਕੀਤੇ ਗੋਲ ਨਾਲ 2-0 ਦੀ ਲੀਡ ਹਾਸਲ ਕੀਤੀ ਜਦਕਿ ਹਿਨਾਤਾ ਮਿਯਾਵਾਜ਼ਾ ਨੇ 81ਵੇਂ ਮਿੰਟ ’ਚ ਤੀਜਾ ਗੋਲ ਦਾਗਦਿਆਂ ਜਾਪਾਨ ਦੀ ਜਿੱਤ ਪੱਕੀ ਕੀਤੀ। ਜਪਾਨੀ ਟੀਮ ਦੀ ਟੂਰਨਾਮੈਂਟ ’ਚ ਇਹ ਲਗਾਤਾਰ ਚੌਥੀ ਜਿੱਤ ਹੈ।
ਇਸੇ ਦੌਰਾਨ ਇਕ ਹੋਰ ਮੁਕਾਬਲੇ ’ਚ ਸਪੇਨ ਦੀ ਟੀਮ ਵੀ ਸਵਿਟਜ਼ਰਲੈਂਡ ਨੂੰ 5-1 ਨਾਲ ਹਰਾ ਕੇ ਆਖਰੀ ਅੱਠਾਂ ’ਚ ਪਹੁੰਚ ਗਈ ਹੈ।