ਪੈਰਿਸ, 12 ਜੂਨ
ਅਰਜਨਟੀਨਾ ਨੇ ਫੀਫਾ ਮਹਿਲਾ ਵਿਸ਼ਵ ਕੱਪ ਮੁਕਾਬਲੇ ਦੌਰਾਨ ਜਾਪਾਨ ਨਾਲ ਗੋਲ ਰਹਿਤ ਡਰਾਅ ਖੇਡ ਕੇ ਪਹਿਲੀ ਵਾਰ ਅੰਕ ਹਾਸਿਲ ਕੀਤਾ, ਜਦੋਂਕਿ ਕੈਨੇਡਾ ਨੇ ਕੈਮਰੂਨ ਨੂੰ 1-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਗਰੁੱਪ ‘ਡੀ’ ਦੇ ਮੈਚ ਵਿੱਚ 2011 ਦੀ ਜੇਤੂ ਅਤੇ 2015 ਦੀ ਉਪ ਜੇਤੂ ਜਾਪਾਨ ਨੂੰ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਪਰ ਅਰਜਨਟੀਨਾ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ, ਜਿਸ ਦੇ ਲਈ ਇਹ ਡਰਾਅ ਵੀ ਜਿੱਤ ਤੋਂ ਘੱਟ ਨਹੀਂ ਸੀ।
ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਅਰਜਨਟੀਨਾ ਦੀ ਮਹਿਲਾ ਟੀਮ ਨੇ ਅੰਕ ਲਿਆ ਹੈ। ਜਾਪਾਨ ਨੇ ਮੈਚ ਦੇ ਜ਼ਿਆਦਾਤਰ ਸਮੇਂ ਤੱਕ ਗੇਂਦ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ, ਪਰ ਟੀਮ ਅਰਜਨਟੀਨਾ ਦੇ ਡਿਫੈਂਸ ਨੂੰ ਤੋੜ ਨਹੀਂ ਸਕੀ। ਦਿਨ ਦੇ ਇੱਕ ਹੋਰ ਮੈਚ ਵਿੱਚ ਕੈਨੇਡਾ ਨੇ ਹਾਫ਼ ਤੋਂ ਠੀਕ ਪਹਿਲਾਂ ਕਾਦਿਸ਼ਾ ਬੁਚਾਨਨ ਦੇ ਗੋਲ ਦੇ ਦਮ ’ਤੇ ਕੈਮਰੂਨ ਨੂੰ 1-0 ਨਾਲ ਹਰਾਇਆ। ਇਸ ਜਿੱਤ ਨਾਲ ਹੀ ਟੀਮ ਗਰੁੱਪ ‘ਈ’ ਦੀ ਸੂਚੀ ਵਿੱਚ ਚੋਟੀ ’ਤੇ ਪਹੁੰਚ ਗਈ।