ਬ੍ਰਿਸਬੇਨ, 13 ਅਗਸਤ
ਆਸਟਰੇਲੀਆ ਨੇ ਅੱਜ ਇੱਥੇ ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੂੰ ਹਰਾ ਕੇ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਫੁਟਬਾਲ ਮੁਕਾਬਲੇ ਦੇ ਸੈਮੀਫਾਈਨਲ ’ਚ ਕਦਮ ਰੱਖਿਆ ਹੈ। ਦੋਵੇਂ ਟੀਮਾਂ ਨਿਰਧਾਰਤ ਸਮੇਂ ਅਤੇ ਵਾਧੂ ਸਮੇਂ ਤੱਕ ਗੋਲ ਰਹਿਤ ਬਰਾਬਰੀ ’ਤੇ ਸੀ, ਜਿਸ ਮਗਰੋਂ ਪੈਨਲਟੀ ਸ਼ੂਟਆਊਟ ਦੀ ਮਦਦ ਲੈਣੀ ਪਈ।

ਕੌਰਟਨੀ ਵਾਈਨ ਨੇ ਦਸਵੀਂ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਆਸਟਰੇਲੀਆ ਦੇ ਕੁਆਰਟਰ ਫਾਈਨਲ ਦੇ ਇਸ ਰੁਮਾਂਚਿਕ ਮੈਚ ਵਿੱਚ ਸ਼ੂਟਆਊਟ ਵਿੱਚ 7-6 ਨਾਲ ਜਿੱਤ ਦਵਾਈ। ਆਸਟਰੇਲੀਆ ਸ਼ੂਟਆਊਟ ਵਿੱਚ ਦੋ ਵਾਰ ਜਿੱਤ ਦਰਜ ਕਰਨ ਤੋਂ ਖੁੰਝ ਗਿਆ ਸੀ ਪਰ ਅਖੀਰ ਉਹ ਮੇਜ਼ਬਾਨ ਦੇਸ਼ ਨਾਲ ਜੁੜੀ ਮਿਥ ਨੂੰ ਤੋੜਨ ’ਚ ਸਫ਼ਲ ਰਿਹਾ। ਅਮਰੀਕਾ ਮਗਰੋਂ ਆਸਟਰੇਲੀਆ ਦੂਜੀ ਟੀਮ ਹੈ, ਜੋ ਮਹਿਲਾ ਵਿਸ਼ਵ ਕੱਪ ਵਿੱਚ ਕੁਆਰਟਰ ਫਾਈਨਲ ਤੋਂ ਅੱਗੇ ਵਧਣ ’ਚ ਸਫ਼ਲ ਰਹੀ ਹੈ। ਆਸਟਰੇਲੀਆ ਬੁੱਧਵਾਰ ਨੂੰ ਸਿਡਨੀ ਵਿੱਚ ਹੋਣ ਵਾਲੇ ਸੈਮੀਫਾਈਨਲ ਵਿੱਚ ਇੰਗਲੈਂਡ ਨਾਲ ਭਿੜੇਗਾ।

ਇੰਗਲੈਂਡ ਨੇ ਕੋਲੰਬੀਆ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਆਸਟਰੇਲੀਆ ਦੀ ਜਿੱਤ ਦੀ ਨਾਇਕਾ ਗੋਲਕੀਪਰ ਮੈਕੇਂਜ਼ੀ ਅਰਨਾਲਡ ਰਹੀ, ਜਿਸ ਨੇ ਵਾਧੂ ਸਮੇਂ ਅਤੇ ਉਸ ਤੋਂ ਬਾਅਦ ਸ਼ੂਟਆਊਟ ਵਿੱਚ ਸ਼ਾਨਦਾਰ ਬਚਾਅ ਕੀਤਾ। ਸ਼ੂਟਆਊਟ ਵਿੱਚ ਹਾਲਾਂਕਿ ਉਹ ਵੀ ਪੈਨਲਟੀ ਲੈਣ ਆਈ ਸੀ ਪਰ ਗੋਲ ਕਰਨ ਵਿੱਚ ਨਾਕਾਮ ਰਹੀ। ਮੈਕੇਂਜ਼ੀ ਜੇਕਰ ਗੋਲ ਕਰ ਲੈਂਦੀ ਤਾਂ ਆਸਟਰੇਲੀਆ ਨੂੰ ਉਸ ਸਮੇਂ ਜਿੱਤ ਮਿਲ ਜਾਂਦੀ।