ਮਸਕਟ, 19 ਨਵੰਬਰ
ਹੁਣ ਤੱਕ ਚਾਰ ਮੈਚਾਂ ਵਿੱਚ ਹਾਰ ਚੁੱਕੀ ਭਾਰਤੀ ਫੁਟਬਾਲ ਟੀਮ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਮੰਗਲਵਾਰ ਨੂੰ ਓਮਾਨ ਟੀਮ ਨਾਲ ਖੇਡੇਗੀ। ਗੁਹਾਟੀ ਵਿੱਚ ਸਤੰਬਰ ਮਹੀਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੀਲ ਛੇਤਰੀ ਦੇ ਗੋਲ ਦੀ ਬਦੌਲਤ ਭਾਰਤ ਨੂੰ ਜਿੱਤ ਦੀ ਉਮੀਦ ਬੱਝੀ ਸੀ, ਪਰ ਆਖ਼ਰੀ ਪਲਾਂ ਵਿੱਚ ਦੋ ਗੋਲ ਕਰਕੇ ਓਮਾਨ ਨੇ ਭਾਰਤ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਖ਼ਿਲਾਫ਼ ਓਮਾਨ ਨੇ 4-1 ਨਾਲ ਜਿੱਤ ਦਰਜ ਕੀਤੀ।
ਦੂਜੇ ਪਾਸੇ ਭਾਰਤ ਨੇ ਏਸ਼ਿਆਈ ਚੈਂਪੀਅਨ ਕਤਰ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਖ਼ਿਲਾਫ਼ ਮੈਚ ਡਰਾਅ ਖੇਡੇ ਹਨ। ਤਿੰਨ ਡਰਾਅ ਅਤੇ ਇੱਕ ਹਾਰ ਮਗਰੋਂ ਭਾਰਤ ਗਰੁੱਪ ‘ਈ’ ਵਿੱਚ ਤਿੰਨ ਅੰਕ ਲੈ ਕੇ ਚੌਥੇ ਸਥਾਨ ’ਤੇ ਹੈ, ਜਦਕਿ ਓਮਾਨ (ਚਾਰ ਮੈਚਾਂ ਵਿੱਚ ਨੌਂ ਅੰਕਾਂ ਨਾਲ) ਦੂਜੇ ਸਥਾਨ ’ਤੇ ਹੈ। ਕਤਰ ਦਸ ਅੰਕ ਲੈ ਕੇ ਸਿਖਰ ’ਤੇ ਹੈ। ਓਮਾਨ ਖ਼ਿਲਾਫ਼ ਉਲਟਫੇਰ ਨਾਲ ਇਗੋਰ ਸਟਿਮੈਕ ਦੀਆਂ ਟੀਮਾਂ ਤੋਂ ਉਮੀਦਾਂ ਬਰਕਰਾਰ ਰਹਿਣਗੀਆਂ, ਪਰ ਹਾਰਨ ਦੀ ਸੂਰਤ ਵਿੱਚ ਭਾਰਤ ਵਿਸ਼ਵ ਕੱਪ-2022 ਕੁਆਲੀਫਿਕੇਸ਼ਨ ਦੀ ਦੌੜ ’ਚੋਂ ਬਾਹਰ ਹੋ ਜਾਵੇਗਾ। ਅੱਠ ਗਰੁੱਪਾਂ ਦੀ ਉਪ ਜੇਤੂ ਟੀਮ ਨੂੰ ਵੀ ਤੀਜੇ ਗੇੜ ਵਿੱਚ ਸ਼ਾਇਦ ਥਾਂ ਮਿਲਣਾ ਤੈਅ ਨਹੀਂ। ਭਾਰਤ ਨੇ ਕਤਰ (26 ਮਾਰਚ), ਬੰਗਲਾਦੇਸ਼ (ਚਾਰ ਜੂਨ) ਅਤੇ ਅਫਗਾਨਿਸਤਾਨ (ਨੌਂ ਜੂਨ) ਖ਼ਿਲਾਫ਼ ਮੈਚ ਖੇਡਣੇ ਹਨ। ਓਮਾਨ ਖ਼ਿਲਾਫ਼ ਭਾਰਤ ਨੂੰ ਘੱਟ ਤੋਂ ਘੱਟ ਇੱਕ ਅੰਕ ਲੈਣਾ ਹੋਵੇਗਾ, ਜਿਸ ਨਾਲ ਉਸ ਦਾ ਏਸ਼ਿਆਈ ਕੱਪ-2023 ਕੁਆਲੀਫਾਇਰ ਦੇ ਤੀਜੇ ਗੇੜ ਵਿੱਚ ਪਹੁੰਚਣਾ ਸੌਖਾ ਹੋ ਜਾਵੇਗਾ। ਇਹ ਟੂਰਨਾਮੈਂਟ ਏਸ਼ਿਆਈ ਕੱਪ-2023 ਲਈ ਸਾਂਝਾ ਕੁਆਲੀਫਾਈਂਗ ਗੇੜ ਵੀ ਹੈ। ਅੱਠ ਗਰੁੱਪਾਂ ਤੋਂ ਤੀਜੇ ਸਥਾਨ ਦੀਆਂ ਟੀਮਾਂ ਅਤੇ ਚੌਥੇ ਸਥਾਨ ਦੀਆਂ ਸਰਵੋਤਮ ਚਾਰ ਟੀਮਾਂ ਏਸ਼ਿਆਈ ਕੁਆਲੀਫਾਇਰ ਦੇ ਤੀਜੇ ਗੇੜ ਵਿੱਚ ਪਹੁੰਚਣਗੀਆਂ। ਭਾਰਤ ਨੇ ਓਮਾਨ ਖ਼ਿਲਾਫ਼ ਹੁਣ ਤੱਕ 11 ਮੈਚਾਂ ਵਿੱਚੋਂ ਇੱਕ ਵੀ ਨਹੀਂ ਜਿੱਤਿਆ। ਓਮਾਨ ਨੇ ਅੱਠ ਮੈਚ ਜਿੱਤੇ ਅਤੇ ਬਾਕੀ ਡਰਾਅ ਕਰਵਾਏ ਹਨ।
ਭਾਰਤੀ ਟੀਮ: ਗੁਰਪ੍ਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਧੀਰਜ ਸਿੰਘ ਮੋਰੰਗਥਮ, ਪ੍ਰੀਤਮ ਕੋਟਲ, ਨਿਸ਼ੂ ਕੁਮਾਰ, ਰਾਹੁਲ ਭੇਕੇ, ਨਰਿੰਦਰ, ਆਦਿਲ ਖਾਨ, ਸਾਰਥਕ ਗੋਲੂਈ, ਸ਼ੁੱਭਾਅਸ਼ੀਸ਼ ਬੋਸ, ਮੰਦਰ ਰਾਓ ਦੇਸਾਈ, ਉਦੰਤਾ ਸਿੰਘ, ਜੈਕੀਚੰਦ ਸਿੰਘ, ਸੇਈਮਿਨਲੇਨ ਡੌਂਗਲ, ਰੇਨੀਅਰ, ਵਿਨੀਤ ਰਾਏ, ਸਾਹਲ ਅਬਦੁੱਲ ਸਮਦ, ਪ੍ਰਣਯ ਹਲਦਰ, ਅਨਿਰੁਧ ਥਾਪਾ, ਲੱਲੀਆਂਜ਼ੁਆਲਾ ਛਾਂਗਟੇ, ਬਰੈਂਡਨ ਫਰਨਾਂਡੇਜ਼, ਆਸ਼ਿਕ ਕੁਰੂਨੀਆਂ, ਸੁਨੀਲ ਛੇਤਰੀ, ਮਨਵੀਰ ਸਿੰਘ, ਫਾਰੁਖ਼ ਚੌਧਰੀ। ਮੈਚ ਰਾਤ 8:30 ਵਜੇ ਸ਼ੁਰੂ ਹੋਵੇਗਾ।