ਪੈਰਿਸ, 

ਵਿਸ਼ਵ ਕੱਪ ਜੇਤੂ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਕਿਲੀਅਨ ਮਬਾਪੇ ਅਤੇ ਕਰੀਮ ਬੈਂਜ਼ੈਮਾ ਨੂੰ ਪਛਾੜ ਕੇ ਫੀਫਾ ਸਰਵੋਤਮ ਪੁਰਸ਼ ਖਿਡਾਰੀ ਦਾ ਐਵਾਰਡ ਆਪਣੇ ਨਾਂ ਕੀਤਾ ਹੈ। ਮਹਿਲਾ ਵਰਗ ਵਿੱਚ ਸਪੇਨ ਦੀ ਐਲੈਕਸੀਆ ਪੁਟੇਲਸ ਨੇ ਲਗਾਤਾਰ ਦੂਜੇ ਸਾਲ ਸਰਵੋਤਮ ਖਿਡਾਰਨ ਦਾ ਪੁਰਸਕਾਰ ਜਿੱਤਿਆ ਹੈ। ਕਤਰ ਵਿੱਚ ਮਬਾਪੇ ਦੀ ਟੀਮ ਫਰਾਂਸ ਖ਼ਿਲਾਫ਼ ਰੋਮਾਂਚਕ ਫਾਈਨਲ ਵਿੱਚ ਅਰਜਨਟੀਨਾ ਨੂੰ ਵਿਸ਼ਵ ਕੱਪ ਖ਼ਿਤਾਬ ਜਿਤਾਉਣ ਵਾਲੇ ਲਿਓਨਲ ਮੈਸੀ ਨੇ ਸੋਮਵਾਰ ਰਾਤ ਨੂੰ ਪ੍ਰੋਗਰਾਮ ਦੌਰਾਨ ਫੀਫਾ ਐਵਾਰਡ ਹਾਸਲ ਕੀਤਾ। ਉਸ ਨੇ ਪਿਛਲੇ 14 ਸਾਲਾਂ ਵਿੱਚ 7ਵੀਂ ਵਾਰ ਇਹ ਐਵਾਰਡ ਜਿੱਤਿਆ ਹੈ। ਫੀਫਾ ਦੇ 211 ਮੈਂਬਰ ਦੇਸ਼ਾਂ ਦੀਆਂ ਟੀਮਾਂ ਦੇ ਕਪਤਾਨ, ਕੋਚ ਤੇ ਚੁਣੇ ਹੋਏ ਪੱਤਰਕਾਰਾਂ ਦੀ ਕਮੇਟੀ ਦੇ ਨਾਲ ਪ੍ਰਸ਼ੰਸਕਾਂ ਨੇ ਇਨ੍ਹਾਂ ਤਿੰਨ ਖਿਡਾਰੀਆਂ (ਲਿਓਨਲ ਮੈਸੀ, ਕਿਲੀਅਨ ਮਬਾਪੇ ਤੇ ਕਰੀਮ ਬੈਂਜ਼ੈਮਾ) ਦੀ ਆਖਰੀ ਸੂਚੀ ਚੁਣੀ ਸੀ। ਫੀਫਾ ਐਵਾਰਡ ਲਈ ਮੈਸੀ ਨੂੰ 52 ਅੰਕ, ਵਿਸ਼ਵ ਕੱਪ ’ਚ ਗੋਲਡਨ ਬਾਲ ਜੇਤੂ ਮਬਾਪੇ ਨੂੰ 44 ਅਤੇ ਬੈਂਜੇਮਾ ਨੂੰ 34 ਅੰਕ ਮਿਲੇੇ। ਪਿਛਲੇ ਦੋ ਸਾਲਾਂ ਵਿੱਚ ਫੀਫਾ ਐਵਾਰਡ ਜਿੱਤਣ ਵਾਲੇ ਰੌਬਰਟ ਲੋਵਾਂਡੋਵਸਕੀ ਤੇ ਕ੍ਰਿਸਟਿਆਨੋ ਰੋਨਾਲਡੋ ਨੂੰ ਇਸ ਸਾਲ ਦੇ ਐਵਾਰਡ ਲਈ 14 ਖਿਡਾਰੀਆਂ ਦੀ ਸ਼ੁਰੂਆਤੀ ਸੂਚੀ ਵਿੱਚ ਜਗ੍ਹਾ ਨਹੀਂ ਮਿਲੀ ਸੀ। ਮੈਸੀ ਨੇ ਇਸ ਦੇ ਨਾਲ ਹੀ 16ਵੀਂ ਵਾਰ ਪੁਰਸ਼ਾਂ ਦੀ ‘‘ਸਰਵੋਤਮ ਇਲੈਵਨ’’ ਵਿੱਚ ਜਗ੍ਹਾ ਬਣਾ ਕੇ ਰੋਨਾਲਡੋ ਨਾਲ ਸਾਂਝਾ ਕੀਤਾ ਗਿਆ ਰਿਕਾਰਡ ਵੀ ਤੋੜ ਦਿੱਤਾ। 

ਦੂਜੇ ਪਾਸੇ ਮਹਿਲਾ ਵਰਗ ਵਿੱਚ ਐਲੈਕਸੀਆ ਪੁਟੇਲਸ ਨੇ ਅਮਰੀਕਾ ਦੀ ਐਲੈਕਸ  ਮੌਰਗਨ ਅਤੇ ਇੰਗਲੈਂਡ ਦੀ ਬੈੱਥ ਮੀਡ ਨੂੰ ਪਛਾੜਦਿਆਂ ਫੀਫਾ ਐਵਾਰਡ ਜਿੱਤਿਆ। ਇਸੇ ਦੌਰਾਨ ਫੀਫਾ ਸਰਵੋਤਮ ਪੁਰਸ਼ ਕੋਚ ਦਾ ਐਵਾਰਡ ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਨੂੰ ਜਦਕਿ ਮਹਿਲਾ ਕੋਚ ਐਵਾਰਡ ਇੰਗਲੈਂਡ ਦੀ ਕੋਚ ਸਰੀਨਾ ਵੀਗਮੈਨ ਨੂੰ ਮਿਲਿਆ। ਇਸ ਤੋਂ ਇਲਾਵਾ ਸਰਵੋਤਮ ਮਹਿਲਾ ਗੋਲਕੀਪਰ ਦਾ ਐਵਾਰਡ ਇੰਗਲੈਂਡ ਦੀ ਮੈਰੀ ਈਅਰਪਸ ਜਦਕਿ ਸਰਵੋਤਮ ਪੁਰਸ਼ ਗੋਲਕੀਪਰ ਦਾ ਐਵਾਰਡ ਵਿਸ਼ਵ ਕੱਪ ਜੇਤੂ ਅਰਜਨਟੀਨਾ ਟੀਮ ਦੇ ਐਮਿਲੀਆਨੋ ਮਾਰਟੀਨੇਜ਼ ਨੂੰ ਦਿੱਤਾ ਗਿਆ।