ਗੁੜਗਾਓਂ, 10 ਨਵੰਬਰ
ਏਸ਼ਿਆਈ ਚੈਂਪੀਅਨਸ਼ਿਪ ਵਿੱਚੋਂ ਪੰਜਵਾਂ ਤਗ਼ਮਾ ਜਿੱਤ ਕੇ ਪਰਤੀ ਭਾਰਤ ਦੀ ਸਟਾਰ ਮੁੱਕੇਬਾਜ਼ ਐਮਸੀ ਮੇਰੀ ਕੌਮ ਨੇ ਅੱਜ ਇੱਥੇ ਕਿਹਾ ਕਿ ਇਸ ਖੇਡ ਵਿੱਚ ਕਰੀਬ ਦੋ ਦਹਾਕੇ ਬਿਤਾਉਣ ਬਾਅਦ ਉਹ ਅਜੇਤੂ ਮਹਿਸੂਸ ਕਰਦੀ ਹੈ। ਮੇਰੀ ਕੌਮ ਨੇ ਵੀਅਤਨਾਮ ਦੇ ਸ਼ਹਿਰ ਹੋ ਚੀ ਮਿਨ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਵਿੱਚ 48 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ।
ਮੇਰੀ ਕੌਮ ਨੇ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤਕ ਉਹ ਸਖ਼ਤ ਮਿਹਨਤ ਕਰਦੀ ਹੈ, ਸਰੀਰ ਫਿੱਟ ਰਹਿੰਦਾ ਹੈ ਤੇ ਉਹ ਕਿਸੇ ਨੂੰ ਵੀ ਹਰਾ ਸਕਣ ਦਾ ਮਾਦਾ ਰੱਖਦੀ ਹੈ। ਉਸਨੇ ਕਿਹਾ,‘ ਜੇ ਮੇਰਾ ਫਿਟਨੈੱਸ ਪੱਧਰ ਬਰਕਰਾਰ ਰਹਿੰਦਾ ਹੈ ਤਾਂ ਮੈਂ ਕਿਸੇ ਨੂੰ ਵੀ ਹਰਾ ਸਕਦੀ ਹੈ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਵਿੱਚੋਂ ਕਾਂਸੀ ਦਾ ਤਗ਼ਮਾ ਜੇਤੂ ਇਸ ਮਹਿਲਾ ਮੁੱਕੇਬਾਜ਼ ਨੇ ਪੰਜ ਸਾਲ ਤੋਂ ਵੱਧ ਸਮਾਂ 51 ਕਿਲੋ ਭਾਰ ਵਰਗ ਵਿੱਚ ਬਿਤਾਉਣ ਬਾਅਦ 48 ਕਿਲੋਗ੍ਰਾਮ ਵਿੱਚ ਵਾਪਸੀ ਕੀਤੀ ਹੈ। 2010 ਦੀ ਓਲੰਪਿਕ ਵਿੱਚ 51 ਕਿਲੋਗ੍ਰਾਮ ਭਾਰ ਵਰਗ ਨੂੰ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ ਸੀ। ਮੇਰੀ ਕੌਮ ਨੇ ਕਿਹਾ ਕਿ ਜੇ 48 ਕਿਲੋਗ੍ਰਾਮ ਭਾਰ ਵਰਗ ਨੂੰ ਓਲੰਪਿਕ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਚੰਗਾ ਹੋਵੇਗਾ। ਮਣੀਪੁਰ ਦੀ ਮੇਰੀ ਕੌਮ ਆਈਓਸੀ ਅਥਲੀਟ ਫੋਰਮ ਵਿੱਚ ਹਿੱਸਾ ਲੈਣ ਲਈ ਅੱਜ ਰਾਤ ਇੱਥੋਂ ਲੁਸਾਨੇ ਲਈ ਰਵਾਨਾ ਹੋਵੇਗੀ। ਉਹ ਇੱਥੇ ਅੰਤਰਾਸ਼ਟਰੀ ਮੁੱਕੇਬਾਜ਼ੀ ਐਸੋਸੀਏਸ਼ਨ ਦੀ ਪ੍ਰਤੀਨਿਧਤਾ ਕਰੇਗੀ।