ਮਨੀਲਾ : ਪੰਜਾਬ ਦੇ ਇੱਕ ਵਿਅਕਤੀ ਦਾ ਵਿਦੇਸ਼ ਵਿੱਚ ਕਤਲ ਕਰ ਦਿੱਤਾ ਗਿਆ ਹੈ। ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਬਰਨਾਲਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਮਨੀ (33) ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੋਟਰਸਾਈਕਲ ‘ਤੇ ਸਵਾਰ ਤਿੰਨ ਹਮਲਾਵਰਾਂ ਨੇ ਉਸ ‘ਤੇ ਛੇ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਕਾਰਨ ਪਰਿਵਾਰ ਅਤੇ ਇਲਾਕੇ ‘ਚ ਹੈ।

ਬਰਨਾਲਾ ਦੇ ਸੰਧੂ ਪੱਤੀ ਦੇ ਵਸਨੀਕ ਹਰਦੇਵ ਸਿੰਘ ਦਾ ਪੁੱਤਰ ਮਨਪ੍ਰੀਤ ਸਿੰਘ 2017 ਵਿੱਚ ਨੌਕਰੀ ਦੀ ਭਾਲ ਵਿੱਚ ਮਨੀਲਾ ਗਿਆ ਸੀ। ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਵਿੱਚ ਸਖ਼ਤ ਮਿਹਨਤ ਕਰ ਰਿਹਾ ਸੀ। ਚਾਰ ਮਹੀਨੇ ਪਹਿਲਾਂ ਹੀ ਉਹ ਦੀਵਾਲੀ ਮੌਕੇ ਬਰਨਾਲਾ ਆਇਆ ਸੀ। ਉਹ 9 ਅਕਤੂਬਰ ਨੂੰ ਇੱਕ ਪਰਿਵਾਰਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਨੀਲਾ ਵਾਪਸ ਪਰਤ ਗਿਆ ਸੀ।

ਪਰਿਵਾਰ ਨੂੰ ਆਪਣੇ ਪੁੱਤਰ ਦੇ ਕਤਲ ਬਾਰੇ ਮੋਬਾਈਲ ਫੋਨ ਰਾਹੀਂ ਪਤਾ ਲੱਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਮਨਪ੍ਰੀਤ ਸਿੰਘ ਆਮ ਵਾਂਗ ਕੰਮ ‘ਤੇ ਜਾ ਰਿਹਾ ਸੀ ਜਦੋਂ ਮੋਟਰਸਾਈਕਲ ‘ਤੇ ਸਵਾਰ ਤਿੰਨ ਹਮਲਾਵਰਾਂ ਨੇ ਉਸਨੂੰ ਇਕਾਂਤ ਇਲਾਕੇ ਵਿੱਚ ਇਕੱਲੇ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਉਸ ‘ਤੇ ਛੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਮਨੀਲਾ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ। ਕਤਲ ਦੇ ਪਿੱਛੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੈ।

ਮ੍ਰਿਤਕ ਮਨਪ੍ਰੀਤ ਸਿੰਘ ਦਾ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹੈ। ਮ੍ਰਿਤਕ ਦੀ ਮਾਂ ਪਰਮਜੀਤ ਕੌਰ, ਪਿਤਾ ਹਰਦੇਵ ਸਿੰਘ, ਦਾਦੀ ਜੋਗਿੰਦਰ ਕੌਰ ਅਤੇ ਪਤਨੀ ਵੀਰਪਾਲ ਕੌਰ ਡੂੰਘੇ ਸਦਮੇ ‘ਚ ਹਨ। ਪਰਿਵਾਰ ਨੇ ਕਿਹਾ ਕਿ ਮਨਪ੍ਰੀਤ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਮਨਪ੍ਰੀਤ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ, ਦਾਦੀ, ਪਤਨੀ ਅਤੇ ਇੱਕ ਛੋਟਾ ਭਰਾ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਮਨੀਲਾ ਤੋਂ ਬਰਨਾਲਾ ਲਿਆਉਣ ਵਿੱਚ ਮਦਦ ਕਰਨ ਤਾਂ ਜੋ ਉਹ ਇਥੋਂ ਦੇ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸਸਕਾਰ ਕਰ ਸਕਣ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ।