ਮੁੰਬਈ:ਪਿਛਲੇ ਕੁਝ ਸਾਲਾਂ ਦੌਰਾਨ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਆਪਣੇ ਕੰਮ ਰਾਹੀਂ ਫਿਲਮ ਜਗਤ ਵਿੱਚ ਆਮ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਆਧਾਰਿਤ ਬਣਨ ਵਾਲੀਆਂ ਫਿਲਮਾਂ ਦਾ ਝੰਡਾ ਬੁਲੰਦ ਕੀਤਾ ਹੈ। ਬੇਸ਼ੱਕ ਉਸ ਦੀ ਪਹਿਲੀ ਫਿਲਮ ‘ਵਿੱਕੀ ਡੋਨਰ’ ਹੋਵੇ ਜਾਂ ‘ਦਮ ਲਗਾ ਕੇ ਹਈਸ਼ਾ’, ‘ਸ਼ੁਭ ਮੰਗਲ ਸਾਵਧਾਨ’, ‘ਬਧਾਈ ਹੋ’, ‘ਆਰਟੀਕਲ-15’, ‘ਡਰੀਮ ਗਰਲ’ ਜਾਂ ‘ਬਾਲਾ’। ਆਯੂਸ਼ਮਾਨ ਨੇ ਹਮੇਸ਼ਾ ਹੀ ਸਮਾਜ ਵਿੱਚ ਵਰਜਿਤ ਮੰਨੇ ਜਾਣ ਵਾਲੇ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਬਣੀਆਂ ਫਿਲਮਾਂ ’ਚ ਕੰਮ ਕੀਤਾ ਹੈ, ਜੋ ਸਫਲ ਵੀ ਰਹੀਆਂ ਹਨ। ‘ਬਾਲਾ’ ਨੂੰ ਰਿਲੀਜ਼ ਹੋਇਆਂ ਅੱਜ ਦੋ ਸਾਲ ਹੋ ਗਏ ਹਨ। ਇਹ ਫਿਲਮ ਮਨ ਅੰਦਰਲੇ ਭਾਵਾਂ ਅਤੇ ਵਿਅਕਤੀਗਤ ਸੁੰਦਰਤਾ ਦੇ ਮੁੱਦੇ ਨੂੰ ਉਭਾਰਦੀ ਹੈ। ਇਸ ਫਿਲਮ ਦੀ ਕਾਮਯਾਬੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਆਯੂਸ਼ਮਾਨ ਨੇ ਕਿਹਾ ਕਿ ਇਸ ਫਿਲਮ ਦੀ ਸਫ਼ਲਤਾ ਨਾਲ ਆਫਬੀਟ ਸਿਨੇਮਾ ਵਿੱਚ ਉਸ ਦਾ ਵਿਸ਼ਵਾਸ ਹੋਰ ਵੀ ਵੱਧ ਗਿਆ ਹੈ। ਅਜਿਹੇ ਮੁੱਦਿਆਂ ’ਤੇ ਆਧਾਰਿਤ ਫਿਲਮਾਂ ਅੱਜ ਮੁੱਖ ਧਾਰਾ ’ਚ ਸ਼ਾਮਲ ਹੋ ਗਈਆਂ ਹਨ। ਅਦਾਕਾਰ ਨੇ ਕਿਹਾ, ‘ਬਾਲਾ ਦੀ ਕਾਮਯਾਬੀ ਨਾਲ ਇਹ ਸਾਬਤ ਹੋ ਗਿਆ ਹੈ ਕਿ ਲੋਕ ਮੁੱਦਿਆਂ ’ਤੇ ਆਧਾਰਿਤ ਸਿਨੇਮਾ ਨੂੰ ਹੁਣ ਆਫਬੀਟ ਸ਼੍ਰੇਣੀ ਵਿੱਚ ਹੋਰ ਜ਼ਿਆਦਾ ਦੇਰ ਨਹੀਂ ਰੱਖਿਆ ਜਾ ਸਕਦਾ। ਅਜਿਹੀਆਂ ਫਿਲਮਾਂ ਹੁਣ ਮੁੱਖ ਧਾਰਾ ਵਿੱਚ ਆ ਗਈਆਂ ਹਨ। ਇਸ ਫਿਲਮ ਦੀ ਸਫ਼ਲਤਾ ਲਈ ਮੈਂ ਨਿਰਦੇਸ਼ਕ ਅਮਰ ਕੌਸ਼ਿਕ ਤੇ ਫਿਲਮ ਦੇ ਨਿਰਮਾਤਾ ਦਿਨੇਸ਼ ਵਿਜਾਨ ਦਾ ਧੰਨਵਾਦ ਕਰਾਂਗਾ, ਜਿਨ੍ਹਾਂ ਅਜਿਹੇ ਮੁੱਦੇ ਨੂੰ ਸਾਹਮਣੇ ਲਿਆਉਣ ਦਾ ਉੱਦਮ ਕੀਤਾ।