ਬਠਿੰਡਾ/ਏਲਨਾਬਾਦ, 3 ਮਈ

ਮਸ਼ਹੂਰ ਫਿਲਮ ਨਿਰਦੇਸ਼ਕ ਬੂਟਾ ਸਿੰਘ ਸ਼ਾਦ ਦਾ ਬੀਤੀ ਰਾਤ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਏਲਨਾਬਾਦ ਦੇ ਪਿੰਡ ਕੁਮਥਲਾ ਵਿਖੇ ਰਾਤ 1 ਵਜੇ ਦੇਹਾਂਤ ਹੋ ਗਿਆ। ਬੂਟਾ ਸਿੰਘ ਸ਼ਾਦ ਦਾ ਪੂਰਾ ਪਰਿਵਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਨੂੰ ਛੱਡ ਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਕੁਮਥਲਾ ਵਿੱਚ ਰਹਿਣ ਲੱਗ ਪਿਆ ਸੀ। ਬੂਟਾ ਸਿੰਘ ਨੇ ਫਿਲਮ ਸਿਟੀ ਮੁੰਬਈ ਵਿੱਚ ਰਹਿ ਕੇ ਕਈ ਫਿਲਮਾਂ ਬਣਾਈਆਂ ਅਤੇ ਉਨ੍ਹਾਂ ਦਾ ਨਿਰਦੇਸ਼ਨ ਕੀਤਾ। ਸ਼ੁਰੂ ਵਿੱਚ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਮੋਰਨੀ ਕਹਾਣੀ ਬਹੁਤ ਮਸ਼ਹੂਰ ਹੋਈ, ਜਿਸ ਕਾਰਨ ਉਨ੍ਹਾਂ ਨੂੰ ਬੂਟਾ ਸਿੰਘ ਸ਼ਾਦ ਮੋਰਨੀ ਵਾਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ 35 ਨਾਵਲ ਵੀ ਲਿਖੇ, ਜੋ ਬਹੁਤ ਪ੍ਰਸਿੱਧ ਹੋਏ। ਪਿਛਲੇ ਕਾਫੀ ਸਮੇਂ ਤੋ ਉਹ ਏਲਨਾਬਾਦ ਨੇੜੇ ਪਿੰਡ ਕੁਮਥਲਾ ਵਿੱਚ ਆਪਣੇ ਪਰਿਵਾਰ ਕੋਲ ਰਹਿ ਰਹੇ ਸਨ। ਉਨ੍ਹਾਂ ਦੇ ਭਤੀਜੇ ਅਜਾਇਬ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਅੰਤਮ ਸੰਸਕਾਰ ਪਿੰਡ ਕੁਮਥਲਾ ਵਿੱਚ ਕੀਤਾ ਜਾਵੇਗਾ।