ਨਵੀਂ ਦਿੱਲੀ:ਅਦਾਕਾਰਾ ਪਰਿਨੀਤੀ ਚੋਪੜਾ ਨੇ ਹਿੰਦੀ ਫਿਲਮੀ ਦੁਨੀਆ ਵਿੱਚ ਇੱਕ ਦਹਾਕਾ ਪੂਰਾ ਕਰ ਲਿਆ ਹੈ। ਉਸ ਨੇ 2011 ਵਿੱਚ ਆਈ ਫਿਲਮ ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ ਨਾਲ ਹਿੰਦੀ ਫਿਲਮੀ ਦੁਨੀਆ ਵਿੱਚ ਪੈਰ ਧਰਿਆ ਸੀ।
ਪਰਿਨੀਤੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੇਰੀ ਸ਼ੁਰੂਆਤ ਸੁਫਨਿਆਂ ਵਰਗੀ ਸੀ। ਜ਼ਿੰਦਗੀ ਦੀ ਤਰ੍ਹਾਂ ਮੇਰਾ ਕਰੀਅਰ ਵੀ ਬਹੁਤ ਸ਼ਾਨਦਾਰ ਰਿਹਾ। ਜ਼ਿੰਦਗੀ ਵਿੱਚ ਵਧੀਆ ਤੋਂ ਵਧੀਆ ਅਤੇ ਮਾੜੇ ਤੋਂ ਮਾੜਾ ਤਜਰਬਾ ਵੀ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਸਫ਼ਲਤਾ-ਅਸਫ਼ਲਤਾ ਅਤੇ ਖ਼ੁਸ਼ੀ-ਗ਼ਮੀ ਵੀ ਇਸ ਦਾ ਹਿੱਸਾ ਹਨ। ਤੁਹਾਨੂੰ ਆਪਣੀ ਜ਼ਿੰਦਗੀ ਖ਼ੁਦ ਬਣਾਉਣੀ ਪੈਂਦੀ ਹੈ। ਕਰੀਅਰ ਵਿੱਚ ਵੀ ਅਜਿਹਾ ਹੀ ਹੁੰਦਾ ਹੈ।’’ ਉਸ ਨੇ ਕਿਹਾ, ‘‘ਮੁਕੰਮਲ ਕਰੀਅਰ ਬਣਾਉਣ ਲਈ ਤੁਹਾਨੂੰ ਇਸ ਦੇ ਹਰ ਪਹਿਲੂ ਨੂੰ ਵੇਖਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਕੈਮਰੇ ਦੇ ਸਾਹਮਣੇ ਤੇ ਕੈਮਰੇ ਦੇ ਪਿੱਛੇ ਵੀ ਅਤੇ ਹਿੱਟ ਫਿਲਮਾਂ ਦੇ ਨਾਲ ਫਲਾਪ ਫਿਲਮਾਂ ਵੀ ਦੇਖਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਅਸਫਲਤਾ ਵਰਗੇ ਹਰ ਤਰ੍ਹਾਂ ਦੇ ਤਜਰਬੇ ਵੀ ਹੋਣੇ ਚਾਹੀਦੇ ਹਨ।’’
ਉਸ ਦੀਆਂ ਤਿੰਨ ਫਿਲਮਾਂ ‘ਦਿ ਗਰਲ ਆਨ ਦਿ ਟਰੇਨ’, ‘ਸਾਇਨਾ’ ਅਤੇ ‘ਸੰਦੀਪ ਔਰ ਪਿੰਕੀ ਫਰਾਰ’ ਹਾਲ ਹੀ ਵਿੱਚ ਅੱਗੇ-ਪਿੱਛੇ ਰਿਲੀਜ਼ ਹੋਈਆਂ ਹਨ। ਭਾਵੇਂ ਉਸ ਨੇ ਹਿੱਟ ਦੇ ਨਾਲ ਕੁਝ ਫਲਾਪ ਫਿਲਮਾਂ ਵੀ ਦਿੱਤੀਆਂ ਪਰ ਇਸੇ ਤਜਰਬੇ ਨੇ ਉਸ ਨੂੰ ਅਦਾਕਾਰਾ ਵਜੋਂ ਇਸ ਮੁਕਾਮ ’ਤੇ ਪਹੁੰਚਾਇਆ ਹੈ। ਉਸ ਨੇ ਕਿਹਾ, ‘‘ਜੇ ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਕਰੀਅਰ ਦੀ ਸ਼ੁਰੂਆਤ ਤੋਂ ਹੀ ਮੈਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਤਜਰਬੇ ਹੋਏ। ਇਹ ਬਹੁਤ ਸ਼ਾਨਦਾਰ ਰਹੇ। ਜੇ ਅਜਿਹਾ ਨਾ ਹੁੰਦਾ ਤਾਂ ਮੈਂ ਅਦਾਕਾਰਾ ਵਜੋਂ ਜਿਸ ਜਗ੍ਹਾ ’ਤੇ ਅੱਜ ਹਾਂ, ਉਸ ਜਗ੍ਹਾ ’ਤੇ ਨਾ ਹੁੰਦੀ।’’
ਹੁਣ ਪਰਿਨੀਤੀ, ਰਣਬੀਰ ਕਪੂਰ ਨਾਲ ਆਉਣ ਵਾਲੀ ਫਿਲਮ ‘ਐਨੀਮਲ’ ਦੀ ਰਿਲੀਜ਼ ਉਡੀਕ ਰਹੀ ਹੈ ਅਤੇ ਸੂਰਜ ਬੜਜਾਤੀਆ ਦੀ ਫਿਲਮ ‘ਊਂਚਾਈ’ ਦੀ ਨੇਪਾਲ ਵਿੱਚ ਸ਼ੂਟਿੰਗ ਕਰ ਰਹੀ ਹੈ। ਇਸ ਵਿੱਚ ਅਮਿਤਾਭ ਬੱਚਨ ਅਤੇ ਅਨੁਪਮ ਖੇਰ ਵੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ।