ਚੰਡੀਗੜ੍ਹ : ਦੇਸ਼ ਭਰ ਵਿੱਚ ਠੰਢ ਘੱਟ ਭਾਵੇ ਘੱਟ ਗਈ ਹੈ ਪਰ ਅਜੇ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਮੀਂਹ ਇੱਕ ਵਾਰ ਫਿਰ ਠੰਢ ਨੂੰ ਵਧਾ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ 12 ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਯਾਤਰਾ ਕਰਨ ਵਾਲਿਆਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ। ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ 19 ਜ਼ਿਲ੍ਹਿਆਂ ਲਈ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ।

ਆਈਐਮਡੀ ਦੇ ਅਨੁਸਾਰ ਦੇਸ਼ ਭਰ ਦੇ 12 ਰਾਜਾਂ ਵਿੱਚ 17 ਤੋਂ 19 ਫਰਵਰੀ ਤੱਕ ਮੀਂਹ ਪੈ ਸਕਦਾ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ, ਲੱਦਾਖ, ਮੱਧ ਪ੍ਰਦੇਸ਼, ਰਾਜਸਥਾਨ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਤਾਮਿਲਨਾਡੂ ਸ਼ਾਮਲ ਹਨ। 18 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਅਤੇ 18 ਅਤੇ 19 ਫਰਵਰੀ ਨੂੰ ਉੱਤਰਾਖੰਡ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਦੀ ਉਮੀਦ ਹੈ।

ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਝਾਂਸੀ, ਬਿਜਨੌਰ, ਆਗਰਾ, ਮਥੁਰਾ, ਅਲੀਗੜ੍ਹ, ਅਯੁੱਧਿਆ, ਪ੍ਰਯਾਗਰਾਜ, ਗੋਰਖਪੁਰ ਅਤੇ ਦੇਵਰੀਆ ‘ਚ ਧੁੰਦ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ ਦੇ ਨੈਨੀਤਾਲ, ਰੁਦਰਪ੍ਰਯਾਗ ਅਤੇ ਚਮੋਲੀ ਵਿੱਚ ਵੀ ਧੁੰਦ ਹੋਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਮੰਡੀ, ਬਿਲਾਸਪੁਰ, ਊਨਾ, ਸੋਲਨ, ਕੁੱਲੂ, ਹਮੀਰਪੁਰ ਅਤੇ ਸਿਰਮੌਰ ਵਿੱਚ ਧੁੰਦ ਦਾ ਅਲਰਟ ਜਾਰੀ ਹੈ।

ਇਸਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਜਾਵੇਗਾ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਮੀਂਹ, ਗਰਜ ਅਤੇ ਤੂਫਾਨ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਮੁਕਤਸਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ) ਦੇ ਨਾਲ ਗਰਜ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ। ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਖੁੱਲ੍ਹੀਆਂ ਥਾਵਾਂ ਤੋਂ ਬਚਣ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਹੈ। ਚੰਡੀਗੜ੍ਹ ਵਿੱਚ ਬੱਦਲਵਾਈ ਰਹਿਣ ਦੀ ਉਮੀਦ ਹੈ।

ਇਸ ਤੋਂ ਬਾਅਦ, ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਭਵਿੱਖਬਾਣੀ ਅਨੁਸਾਰ, 17 ਫਰਵਰੀ ਨੂੰ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 27 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਪਰ ਇਸ ਦਿਨ ਆਮ ਤੌਰ ‘ਤੇ ਬੱਦਲਵਾਈ ਰਹੇਗੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 18 ਫਰਵਰੀ ਨੂੰ ਘੱਟੋ-ਘੱਟ ਤਾਪਮਾਨ 13 ਡਿਗਰੀ ਅਤੇ ਵੱਧ ਤੋਂ ਵੱਧ 28 ਡਿਗਰੀ ਰਹਿਣ ਦੀ ਉਮੀਦ ਹੈ, ਅਤੇ ਮੌਸਮ ਫਿਰ ਸਾਫ਼ ਹੋ ਜਾਵੇਗਾ। 19 ਫਰਵਰੀ ਨੂੰ ਘੱਟੋ-ਘੱਟ ਤਾਪਮਾਨ 14 ਡਿਗਰੀ ਅਤੇ ਵੱਧ ਤੋਂ ਵੱਧ 28 ਡਿਗਰੀ, 20 ਫਰਵਰੀ ਨੂੰ ਘੱਟੋ-ਘੱਟ ਤਾਪਮਾਨ 14 ਡਿਗਰੀ ਅਤੇ ਵੱਧ ਤੋਂ ਵੱਧ 28 ਡਿਗਰੀ ਅਤੇ 21 ਫਰਵਰੀ ਨੂੰ ਘੱਟੋ-ਘੱਟ ਤਾਪਮਾਨ 14 ਡਿਗਰੀ ਅਤੇ ਵੱਧ ਤੋਂ ਵੱਧ 28 ਡਿਗਰੀ ਰਹਿਣ ਦੀ ਉਮੀਦ ਹੈ।