ਮੁੰਬਈ, 15 ਅਕਤੂਬਰ
ਅਦਾਕਾਰ ਫ਼ੈਸਲ ਖ਼ਾਨ, ਜੋ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦਾ ਭਰਾ ਹੈ, ਵੱਲੋਂ ਨਿਰਦੇਸ਼ਤ ਫ਼ਿਲਮ ‘ਫੈਕਟਰੀ’ ਅਗਲੇ ਕੁਝ ਮਹੀਨਿਆਂ ’ਚ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਫ਼ਿਲਮ ਦੇੇ ਜਾਰੀ ਨਵੇਂ ਪੋਸਟਰ ਵਿੱਚ ਫ਼ੈਸਲ ਖ਼ਾਨ ਖੂਬਸੂਰਤ ਦਿਖਾਈ ਦੇ ਰਿਹਾ ਹੈ। ਉਹ ਫ਼ਿਲਮ ’ਚ ਮੁੱਖ ਕਿਰਦਾਰ ਨਿਭਾਏਗਾ।
ਫ਼ੈਸਲ ਖ਼ਾਨ ਨੇ ਦੱਸਿਆ ਕਿ ‘ਫੈਕਟਰੀ’ ਇੱਕ ਰੋਮਾਂਚ ਨਾਲ ਭਰਪੂਰ ਫ਼ਿਲਮ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਲੜਕੀ ਨੂੰ ਪਿਆਰ ਕਰਦਾ ਹੈ ਤੇ ਉਸਨੂੰ ਅਗਵਾ ਕਰ ਲੈਂਦਾ ਹੈ। ਬਾਕੀ ਸਾਰਾ ਰੋਮਾਂਚ ਫ਼ਿਲਮ ਦੀ ਕਹਾਣੀ ਬਿਆਨ ਕਰੇਗੀ। ਉਸਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਅਖ਼ਬਾਰ ਵਿੱਚੋਂ ਇੱਕ ਆਰਟੀਕਲ ਪੜ੍ਹ ਕੇ ਉਸਦੇ ਦਿਮਾਗ ’ਚ ਆਈ। ਫ਼ਿਲਮ ਵਿੱਚ ‘ਯਸ਼’ ਨਾਂ ਦੇ ਆਪਣੇ ਕਿਰਦਾਰ ਬਾਰੇ ਫ਼ੈਸਲ ਨੇ ਕਿਹਾ, ‘ਉਸ ਨੇ ਬਹੁਤ ਚੁਣੌਤੀਪੂਰਨ ਕਿਰਦਾਰ ਨਿਭਾਇਆ ਹੈ ਅਤੇ ਇਸ ਵਿੱਚ ਕਈ ਰੌਚਕ ਤੇ ਉਤਸ਼ਾਹ ਭਰਪੂਰ ਰੰਗ ਹਨ।’ ਫ਼ਿਲਮ ਦੇ ਕਲਾਕਾਰਾਂ ’ਚ ਰਾਜਕੁਮਾਰ ਕਨੌਜੀਆ ਅਤੇ ਰਾਉਲੇ ਰਯਾਨ, ਰਿਭੂ ਮਹਿਰਾ ਅਤੇ ਸ਼ਰਦ ਸਿੰਘ ਵੀ ਸ਼ਾਮਲ ਹਨ।