ਮੁੰਬਈ:ਭੰਗੜਾ ਕਿੰਗ ਦਲੇਰ ਮਹਿੰਦੀ ਫ਼ਿਲਮ ‘ਸਿਕਸ ਨਾਈਨ ਫਾਈਵ (695)’ ਲਈ ਨਵਾਂ ਗੀਤ ਰਿਕਾਰਡ ਕਰਨ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੇ ਆਪਣੇ ਗੀਤਾਂ ‘ਬੋਲੋ ਤਾ ਰਾ ਰਾ’, ‘ਤੁਣਕ-ਤੁਣਕ ਤੁਨ’ ਅਤੇ ‘ਦੰਗਲ ਟਾਈਟਲ ਟਰੈਕ’ ਅਤੇ ‘ਰੰਗ ਦੇ ਬਸੰਤੀ’ ਨਾਲ 90ਵੇਂ ਦਹਾਕੇ ਵਿੱਚ ਹਰ ਵਿਅਕਤੀ ਦੇ ਦਿਲ ’ਤੇ ਰਾਜ ਕੀਤਾ ਸੀ। ਟੀਵੀ ਸੀਰੀਅਲ ‘ਰਮਾਇਣ’ ਵਿੱਚ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ ਇਸ ਫ਼ਿਲਮ ਦਾ ਅਹਿਮ ਹਿੱਸਾ ਹਨ। ਇਸ ਗੀਤ ਵਿੱਚ ਰਾਮ ਜਨਮਭੂਮੀ ਅਤੇ ਰਾਮ ਮੰਦਿਰ ਸਬੰਧੀ ਲੋਕਾਂ ਦੇ ਸੰਘਰਸ਼ ਨੂੰ ਬਿਆਨ ਕੀਤਾ ਗਿਆ ਹੈ। ਆਸ਼ੀਸ਼ ਪੰਡਿਤ ਨੇ ਇਸ ਗੀਤ ਨੂੰ ਲਿਖਿਆ ਹੈ ਅਤੇ ਇਸ ਦਾ ਸੰਗੀਤ ਵੇਦ ਸ਼ਰਮਾ ਨੇ ਤਿਆਰ ਕੀਤਾ ਹੈ। ਇਸ ਗੀਤ ਬਾਰੇ ਗੱਲ ਕਰਦਿਆਂ ਦਲੇਰ ਮਹਿੰਦੀ ਨੇ ਦੱਸਿਆ,‘‘ਜਦੋਂ ਦਾ ਇਹ ਗੀਤ ਮੈਨੂੰ ਮਿਲਿਆ ਹੈ, ਮੈਂ ਬਹੁਤ ਉਤਸ਼ਾਹਿਤ ਹਾਂ। ਇਸ ਫ਼ਿਲਮ ਦੀ ਕਹਾਣੀ ਨੇ ਮੇਰੇ ਦਿਲ ਨੂੰ ਟੁੰਬਿਆ ਹੈ। ਸਮਾਜ ਨੂੰ ਸਾਡੇ ਦੇਸ਼ ਦਾ ਇਤਿਹਾਸ ਜਾਣਨਾ ਚਾਹੀਦਾ ਹੈ, ਜੋ ਸੰਘਰਸ਼ ਅਸੀਂ ਹੰਡਾਇਆ ਉਸ ਬਾਰੇ ਵੀ ਸਭ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਕਾਫੀ ਖੁਸ਼ ਹਾਂ।’’ ਅਰੁਣ ਗੋਵਿਲ ਤੋਂ ਇਲਾਵਾ ਇਸ ਫ਼ਿਲਮ ਵਿੱਚ ਅਸ਼ੋਕ ਸਮਰਾਟ, ਮੁਕੇਸ਼ ਤਿਵਾੜੀ, ਗੋਵਿੰਦ ਨਾਮਦੇਵ, ਅਖਿਲੇਂਦਰ ਮਿਸ਼ਰਾ ਅਤੇ ਗਜੇਂਦਰ ਚੌਹਾਨ ਵੀ ਹਨ। ਅਯੁੱਧਿਆ ਵਿਚ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।