ਮੁੰਬਈ, 23 ਅਪਰੈਲ
ਬੌਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਆਪਣੀ ਆਉਣ ਵਾਲੀ ਫ਼ਿਲਮ ‘ਸਰਦਾਰ ਕਾ ਗਰੈਂਡਸਨ’ ਵਿਚ ਟਰੱਕ ਚਲਾਉਂਦੀ ਨਜ਼ਰ ਆਵੇਗੀ। ਅਦਾਕਾਰਾ ਨੇ ਆਖਿਆ,‘‘ਮੈਨੂੰ ਡਰਾਈਵਰੀ ਬਹੁਤ ਪਸੰਦ ਹੈ ਅਤੇ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਇਹ ਸਾਰੀ ਪ੍ਰਕਿਰਿਆ ਕਿੰਨੀ ਮੌਜ-ਮਸਤੀ ਵਾਲੀ ਸੀ। ਟਰੱਕ ਚਲਾਉਣਾ ਸੌਖਾ ਨਹੀਂ ਪਰ ਮੈਂ ਇਸ ਨੂੰ ਚੰਗੀ ਤਰ੍ਹਾਂ ਚਲਾ ਸਕੀ।’’ ਰਕੁਲ ਪ੍ਰੀਤ ਨੇ ਆਖਿਆ,‘‘ਸਾਡੇ ਕੋਲ ਸੈੱਟ ’ਤੇ ਸੁਲਝਿਆ ਹੋਇਆ ਟਰੱਕ ਡਰਾਈਵਰ ਸੀ ਜੋ ਸਾਨੂੰ ਦੱਸਦਾ ਸੀ ਕਿ ਵੱਡੇ ਟਰੱਕ ਨੂੰ ਕਾਬੂ ਵਿਚ ਕਿਵੇਂ ਰੱਖਣਾ ਹੈ, ਜਿਸ ਦੀ ਮਦਦ ਨਾਲ ਮੈਂ ਇਹ ਕਰ ਸਕੀ। ਮੇਰੀ ਡਰਾਈਵਰ ਦੇਖ ਕੇ ਸੈੱਟ ’ਤੇ ਸਭ ਹੈਰਾਨ ਸਨ! ਇਹ ਮੇਰੇ ਲਈ ਜ਼ਿੰਦਗੀ ਭਰ ਦੇ ਤਜਰਬੇ ਵਾਂਗ ਸੀ।’’ ਜਾਣਕਾਰੀ ਅਨੁਸਾਰ ਇਹ ਕਾਮੇਡੀ ਫ਼ਿਲਮ ਹੈ, ਜਿਸ ਦੀ ਕਹਾਣੀ ਅਮਰੀਕ ਸਿੰਘ (ਅਰਜੁਨ ਕਪੂਰ) ਅਤੇ ਉਸ ਦੀ ਦਾਦੀ ਰੁਪਿੰਦਰ ਕੌਰ (ਨੀਨਾ ਗੁਪਤਾ) ਦੁਆਲੇ ਘੁੰਮਦੀ ਹੈ, ਜਿਸ ਦਾ ਵਿਲੱਖਣ ਸੁਭਾਅ ਹਰ ਕਿਸੇ ਨੂੰ ਸ਼ੁਦਾਈ ਕਰ ਦਿੰਦਾ ਹੈ। ਰਕੁਲ ਪ੍ਰੀਤ ਇਸ ਫ਼ਿਲਮ ਵਿੱਚ ਰਾਧਾ ਦੀ ਭੂਮਿਕਾ ਨਿਭਾਏਗੀ ਜੋ ਸਮਝਦਾਰ ਕੁੜੀ ਹੈ।