ਨਵੀਂ ਦਿੱਲੀ, 19 ਦਸੰਬਰ

ਬਸਪਾ ਦੇ ਇੱਕ ਸੰਸਦ ਮੈਂਬਰ ਨੇ ਅਦਾਕਾਰ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਪਠਾਨ’ ਸਬੰਧੀ ਉੱਠੇ ਵਿਵਾਦ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਚੁੱਕਦਿਆਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਵੇ ਕਿ ਸੈਂਸਰ ਬੋਰਡ ਤੋਂ ਮਨਜ਼ੂਰ ਫ਼ਿਲਮਾਂ ਸਬੰਧੀ ਕਿਸੇ ਤਰ੍ਹਾਂ ਦੀ ਧਮਕੀ ਨਾ ਦਿੱਤੀ ਜਾਵੇ। ਸਿਫ਼ਰਕਾਲ ਦੌਰਾਨ ਕੁੰਵਰ ਦਾਨਿਸ਼ ਅਲੀ ਨੇ ਇਸ ਮੁੱਦੇ ਨੂੰ ਚੁੱਕਦਿਆਂ ਕਿਹਾ ਕਿ ਐਤਵਾਰ ਰਾਤ ਫੀਫਾ ਵਿਸ਼ਵ ਕੱਪ ਵਿੱਚ ਸਾਡੇ ਦੀ ਦੇਸ਼ ਦੀ ਇੱਕ ਅਦਾਕਾਰਾ ਨੇ ਟਰਾਫ਼ੀ ਦੀ ਘੁੰਡ ਚੁਕਾਈ ਕੀਤੀ ਹੈ ਅਤੇ ਦੇਸ਼ ਦਾ ਮਾਣ ਵਧਾਇਆ। ਉਨ੍ਹਾਂ ਭਾਜਪਾ ’ਤੇ ਸਿੱਧਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਦੇਸ਼ ਵਿੱਚ ਕਈ ਕਲਾਕਾਰਾਂ ਨੇ ਆਪਣੇ ਕੰਮ ਨਾਲ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਮਾਣ ਵਧਾਇਆ ਹੈ, ਪਰ ਸੱਤਾਧਾਰੀ ਧਿਰ ਦੇ ਲੋਕ ਹੀ ਰੰਗ ਦੇ ਆਧਾਰ ’ਤੇ ਫ਼ਿਲਮਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।