ਮੁੰਬਈ:ਫ਼ਿਲਮ ‘ਅੰਤਿਮ: ਦਿ ਫਾਈਨਲ ਟਰੁੱਥ’ ਦੀ ਸਿਨੇਮਾ ’ਚ ਸਕਰੀਨਿੰਗ ਮੌਕੇ ਚਲਾਏ ਗਏ ਪਟਾਕਿਆਂ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਚਾਹੁਣ ਵਾਲਿਆਂ ਨੂੰ ਆਖਿਆ ਕਿ ਉਹ ਅਜਿਹਾ ਕੰਮ ਨਾ ਕਰਨ ਜਿਸ ਨਾਲ ਭਿਆਨਕ ਅੱਗ ਲੱਗ ਜਾਵੇ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੀ ਜਾਨ ਖ਼ਤਰੇ ਵਿੱਚ ਨਾ ਪਾਉਣ। ਅਦਾਕਾਰ ਨੇ ਸਿਨੇਮਾ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਡੀਟੋਰੀਅਮ ਦੇ ਅੰਦਰ ਪਟਾਕੇ ਚਲਾਉਣ ਦੀ ਪ੍ਰਵਾਨਗੀ ਨਾ ਦੇਣ। ਇਸੇ ਦੌਰਾਨ ਸਲਮਾਨ ਨੇ ਇਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸ ਦੇ ਪ੍ਰਸ਼ੰਸਕ ਫ਼ਿਲਮ ਦੇ ਪੋਸਟਰ ’ਤੇ ਦੁੱਧ ਪਾ ਰਹੇ ਹਨ। ਉਸ ਨੇ ਆਖਿਆ,‘‘ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪੀਣ ਲਈ ਪਾਣੀ ਨਹੀਂ ਮਿਲਦਾ ਪਰ ਤੁਸੀਂ ਦੁੱਧ ਬਰਬਾਦ ਕਰ ਰਹੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਦੀ ਵਰਤੋਂ ਉਨ੍ਹਾਂ ਗਰੀਬ ਬੱਚਿਆਂ ਲਈ ਕੀਤੀ ਜਾਵੇ ਜਿਨ੍ਹਾਂ ਨੂੰ ਪੀਣ ਲਈ ਦੁੱਧ ਨਹੀਂ ਮਿਲਦਾ। ਜਾਣਕਾਰੀ ਅਨੁਸਾਰ ਫ਼ਿਲਮ ‘ਅੰਤਿਮ’ ਦਾ ਨਿਰਦੇਸ਼ਨ ਮਹੇਸ਼ ਮੰਜਰੇਕਰ ਨੇ ਕੀਤਾ ਹੈ, ਜਿਸ ਵਿਚ ਆਯੂਸ਼ ਸ਼ਰਮਾ, ਮਹਿਮਾ ਮਕਵਾਨਾ ਅਤੇ ਸਚਿਨ ਖੇੜੇਕਰ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਲੰਘੇ 26 ਨਵੰਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ।