ਮੁੰਬਈ, 12 ਅਗਸਤ

ਅਦਾਕਾਰ ਤੇ ਫਿਲਮਸਾਜ਼ ਫਰਹਾਨ ਅਖਤਰ ਨੇ ਅੱਜ ਆਪਣੀ ਨਵੀਂ ਫਿਲਮ ‘ਜੀਅ ਲੇ ਜ਼ਰਾ’ ਸਬੰਧੀ ਐਲਾਨ ਕਰਦਿਆਂ ਦੱਸਿਆ ਕਿ ਇਸ ਵਿੱਚ ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ ਅਤੇ ਆਲੀਆ ਭੱਟ ਮੁੱਖ ਕਿਰਦਾਰ ਨਿਭਾਉਣਗੀਆਂ। ਇਹ ਫਿਲਮ ਫਰਹਾਨ ਅਫਤਾਰ ਤੇ ਰਿਤੇਸ਼ ਸਿਧਵਾਨੀ ਦੇ ‘ਐਕਸਲ ਐਂਟਰਟੇਨਮੈਂਟ’ ਅਤੇ ਜ਼ੋਇਆ ਅਖਤਰ ਤੇ ਰੀਮਾ ਕਾਗਤੀ ਦੇ ਪ੍ਰੋਡਕਸ਼ਨ ਹਾਊਸ ‘ਟਾਈਗਰ ਬੇਬੀ’ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਫ਼ਿਲਮ ‘ਦਿਲ ਚਾਹਤਾ ਹੈ’ ਦੀ 20ਵੀਂ ਵਰ੍ਹੇਗੰਢ ’ਤੇ 47 ਸਾਲਾ ਨਿਰਦੇਸ਼ਕ ਫਰਹਾਨ ਅਖਤਰ ਨੇ ਇਸ ਫਿਲਮ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਫਿਲਮ ’ਤੇ ਕੰਮ ਕਰਨ ਲਈ ਉਤਸ਼ਾਹਿਤ ਹੈ। ਫਰਹਾਨ ਨੇ ਕਿਹਾ, ‘‘ਕੀ ਕਿਸੇ ਨੇ ਸੜਕ ਰਾਹੀਂ ਟੂਰ ’ਤੇ ਜਾਣ ਬਾਰੇ ਗੱਲ ਕੀਤੀ? ਨਿਰਦੇਸ਼ਕ ਵਜੋਂ ਮੈਂ ਆਪਣੀ ਅਗਲੀ ਫਿਲਮ ਬਾਰੇ ਐਲਾਨ ਕਰਦਿਆਂ ਬਹੁਤ ਉਤਸ਼ਾਹਿਤ ਹਾਂ ਅਤੇ ਇਹ ਗੱਲ ਦੱਸਣ ਲਈ ‘ਦਿਲ ਚਾਹਤਾ ਹੈ’ ਦੀ 20ਵੀਂ ਵਰ੍ਹੇਗੰਢ ਤੋਂ ਬਿਹਤਰ ਸਮਾਂ ਹੋਰ ਕਿਹੜਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ ਤੇ ਆਲੀਆ ਭੱਟ ਨਾਲ ‘ਜੀਅ ਲੇ ਜ਼ਰਾ’ ਦੀ ਸ਼ੂਟਿੰਗ 2022 ਵਿੱਚ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਦੀ ਫ਼ਿਲਮ ‘ਡੌਨ 2’ ਮਗਰੋਂ ਫਰਹਾਨ ਲਗਪਗ ਇੱਕ ਦਹਾਕੇ ਮਗਰੋਂ ਨਿਰਦੇਸ਼ਕ ਵਜੋਂ ਵਾਪਸੀ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਦੋਵੇਂ ਭੈਣ-ਭਰਾ ਫਰਹਾਨ ਅਤੇ ਜ਼ੋਇਆ ਨੇ 2001 ਵਿੱਚ ਸੜਕੀ ਰਸਤੇ ਰਾਹੀਂ ਟੂਰ ਦੇ ਥੀਮ ’ਤੇ ਆਧਾਰਿਤ ਫ਼ਿਲਮਾਂ ਜਿਵੇਂ ਫਿਲਮ ‘ਦਿਲ ਚਾਹਤਾ ਹੈ’ ਅਤੇ 2011 ਵਿੱਚ ਰਿਲੀਜ਼ ਹੋਈ ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਦਾ ਨਿਰਦੇਸ਼ਨ ਕੀਤਾ ਸੀ। ਫ਼ਿਲਮ ‘ਜੀਅ ਲੇ ਜ਼ਰਾ’ 2023 ਵਿੱਚ ਰਿਲੀਜ਼ ਹੋਵੇਗੀ।