ਨਵੀਂ ਦਿੱਲੀ, 7 ਜਨਵਰੀ
ਬਾਲੀਵੁੱਡ ਫਿਲਮ ਜਗਤ ਨਾਲ ਜੁੜੀਆਂ ਹਸਤੀਆਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਚ ਐਤਵਾਰ ਦੀ ਰਾਤ ਹੋਈ ਹਿੰਸਾ ਨੂੰ ਭਿਆਨਕ, ਦੁਖਦਾਈ ਅਤੇ ਦਰਿੰਦਗੀ ਵਾਲੀ ਘਟਨਾ ਕਰਾਰ ਦਿੱਤਾ ਹੈ। ਫਿਲਮੀ ਕਲਾਕਾਰਾਂ ਅਤੇ ਫਿਲਮਸਾਜ਼ਾਂ ਅਨਿਲ ਕਪੂਰ, ਆਲੀਆ ਭੱਟ, ਰਾਜਕੁਮਾਰ ਰਾਓ, ਟਵਿੰਕਲ ਖੰਨਾ, ਅਨੁਰਾਗ ਕਸ਼ਯਪ ਅਤੇ ਸੋਨਮ ਕਪੂਰ ਆਹੂਜਾ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ। ਅਦਾਕਾਰ ਅਨਿਲ ਕਪੂਰ ਨੇ ਕਿਹਾ, ‘‘ਇਸ ਦੀ ਨਿੰਦਾ ਹੋਣੀ ਚਾਹੀਦੀ ਹੈ। ਇਹ ਬਹੁਤ ਦੁਖਦਾਈ ਅਤੇ ਪ੍ਰੇਸ਼ਾਨ ਕਰਨ ਵਾਲੀ ਘਟਨਾ ਹੈ। ਮੈਂ ਪੁੂਰੀ ਰਾਤ ਸੌਂ ਨਹੀਂ ਸਕਿਆ ਅਤੇ ਸੋਚਦਾ ਰਿਹਾ ਕਿ ਇਹ ਕੀ ਹੋ ਰਿਹਾ ਹੈ। ਹਿੰਸਾ ਵਿੱਚੋਂ ਕੁਝ ਨਹੀਂ ਨਿਕਲਣਾ।’’ ਅਦਾਕਾਰ ਆਦਿੱਤਿਆ ਰੌਏ ਕਪੂਰ ਨੇ ਕਿਹਾ, ‘‘ਸਾਡੇ ਮੁਲਕ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।’’ ਆਲੀਆ ਭੱਟ ਨੇ ਕਿਹਾ, ‘‘ਵੰਡ-ਪਾਊ ਅਤੇ ਦਬਾਉਣ ਵਾਲੀ ਹਿੰਸਕ ਵਿਚਾਰਧਾਰਾ ਦਾ ਸਖ਼ਤ ਵਿਰੋਧ ਕਰਨ ਦਾ ਸਮਾਂ ਆ ਗਿਆ ਹੈ।’’ ਸੋਨਮ ਕਪੂਰ ਨੇ ਟਵਿੱਟਰ ’ਤੇ ਲਿਖਿਆ, ‘‘ਘਿਣਾਉਣੀ ਅਤੇ ਕਾਇਰਤਾ ਵਾਲੀ ਹਰਕਤ। ਜਦੋਂ ਤੁਸੀਂ ਬੇਕਸੂਰਾਂ ’ਤੇ ਹਮਲਾ ਕਰਦੇ ਹੋ ਤਾਂ ਘੱਟੋ-ਘੱਟ ਆਪਣਾ ਚਿਹਰਾ ਦਿਖਾਉਣ ਦੀ ਹਿੰਮਤ ਰੱਖੋ।’’ ਰਾਜਕੁਮਾਰ ਰਾਓ ਨੇ ਇਸ ਹਿੰਸਾ ਨੂੰ ਦੁਖਦਾਈ, ਸ਼ਰਮਨਾਕ ਅਤੇ ਭਿਆਨਕ ਕਰਾਰ ਦਿੱਤਾ। ਇਨ੍ਹਾਂ ਤੋਂ ਇਲਾਵਾ ਗਾਇਕਾ ਰੇਖਾ ਭਾਰਦਵਾਜ, ਅਦਾਕਾਰ ਆਦਿਲ ਹੁਸੈਨ, ਕ੍ਰਿਤੀ ਸੈਨਨ, ਫਿਲਮਸਾਜ਼ ਅਲੰਕ੍ਰਿਤਾ ਸ੍ਰੀਵਾਸਤਵ, ਨਿਰਦੇਸ਼ਕਾ ਰੀਮਾ ਕਾਗਤੀ, ਫਿਲਮਸਾਜ਼ ਹੰਸਲ ਮਹਿਤਾ, ਅਦਾਕਾਰਾ ਸਵਰਾ ਭਾਸਕਰ, ਸ਼ਬਾਨਾ ਆਜ਼ਮੀ, ਰਿਚਾ ਚੱਢਾ, ਮੁਹੰਮਦ ਜ਼ੀਸ਼ਾਨ ਅਯੂਬ, ਤਾਪਸੀ ਪੰਨੂ, ਲੇਖਕ ਗੌਰਵ ਸੋਲੰਕੀ, ਫਿਲਮਸਾਜ਼ ਅਪਰਨਾ ਸੇਨਾ, ਵਿਸ਼ਾਲ ਭਾਰਦਵਾਜ, ਅਭਿਨਵ ਸਿਨਹਾ ਅਤੇ ਅਦਾਕਾਰਾ ਰੇਣੂਕਾ ਸ਼ਾਹਾਨੇ ਨੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਹੈ।