ਸਟੱਟਗਾਰਟ (ਜਰਮਨੀ):
ਜਰਮਨੀ ਦੇ ਸ਼ਹਿਰ ਸਟੱਟਗਾਰਟ ਵਿੱਚ ਜੁਲਾਈ ਮਹੀਨੇ ਹੋਣ ਵਾਲੇ 20ਵੇਂ ਭਾਰਤੀ ਫ਼ਿਲਮ ਫੈਸਟੀਵਲ ਦੀ ਸ਼ੁਰੂਆਤ ਅਦਾਕਾਰਾ ਸ਼ਰਮੀਲਾ ਟੈਗੋਰ ਅਤੇ ਅਦਾਕਾਰ ਮਨੋਜ ਬਾਜਪਾਈ ਦੀ ਫ਼ਿਲਮ ‘ਗੁਲਮੋਹਰ’ ਨਾਲ ਹੋਵੇਗੀ। ਨਿਰਦੇਸ਼ਕ ਰਾਹੁਲ ਵੀ. ਚਿਟੇਲਾ ਵੱਲੋਂ ਬਣਾਈ ਫ਼ਿਲਮ ‘ਗੁਲਮੋਹਰ’ ਦੀ ਕਹਾਣੀ ਬੱਤਰਾ ਪਰਿਵਾਰ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੂੰ ਆਪਣਾ 34 ਸਾਲ ਪੁਰਾਣਾ ਜੱਦੀ ਘਰ-ਗੁਲਮੋਹਰ ਛੱਡਣਾ ਪੈਂਦਾ ਹੈ। ਰਾਹੁਲ ਨੇ ਆਖਿਆ ਕਿ ਉਹ ਇਸ ਗੱਲੋਂ ਬਹੁਤ ਖੁਸ਼ ਹੈ ਕਿ ‘ਗੁਲਮੋਹਰ‘ ਨੂੰ ਵੱਕਾਰੀ ਭਾਰਤੀ ਫ਼ਿਲਮ ਮੇਲੇ ਦੇ ਆਗਾਜ਼ ਲਈ ਚੁਣਿਆ ਗਿਆ ਹੈ। ਉਨ੍ਹਾਂ ਪਿਛਲੇ ਮਹੀਨੇ ਨਿਊਯਾਰਕ ਵਿੱਚ ਰੁਮਾਂਚਕ ਸਕ੍ਰੀਨਿੰਗ ਕੀਤੀ ਸੀ। ਇਹ ਫ਼ਿਲਮ ਮਾਰਚ ਵਿੱਚ ਓਟੀਟੀ ਪਲੈਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਕੀਤੀ ਗਈ ਸੀ।