ਫ਼ਿਰੋਜ਼ਪੁਰ, 3 ਜੁਲਾਈ

ਜ਼ੀਰਾ ਦੇ ਪਿੰਡ ਸਨ੍ਹੇਰ ਵਿਚੋਂ ਲੰਘਦੀ ਛੋਟੀ ਨਹਿਰ ਦੇ ਕਿਨਾਰੇ ਮੋਟਰਸਾਈਕਲ ਡਿੱਗਣ ਨਾਲ ਦੋ ਬੱਚੀਆਂ ਨਹਿਰ ਵਿਚ ਰੁੜ੍ਹ ਗਈਆਂ ਤੇ ਦੋਵਾਂ ਦੀ ਮੌਤ ਹੋ ਗਈ। ਦੋਵੇਂ ਸਕੀਆਂ ਭੈਣਾਂ ਸਨ, ਜਿਨ੍ਹਾਂ ਦੀ ਉਮਰ ਕਰੀਬ ਚਾਰ ਸਾਲ ਤੇ ਸੱਤ ਸਾਲ ਦੱਸੀ ਜਾਂਦੀ ਹੈ। ਮੋਟਰਸਾਈਕਲ ਨੂੰ ਮ੍ਰਿਤਕ ਬੱਚੀਆਂ ਦਾ ਮਾਮਾ ਚਲਾ ਰਿਹਾ ਸੀ ਤੇ ਉਸ ਦੇ ਨਾਲ ਬੱਚੀਆਂ ਦੀ ਮਾਂ ਮਨਪ੍ਰੀਤ ਤੇ ਦਸ ਸਾਲ ਦਾ ਭਰਾ ਗੁਰਵੀਰ ਬੈਠਾ ਸੀ। ਬੱਚੀਆਂ ਦੇ ਪਿਤਾ ਬੋਹੜ ਸਿੰਘ ਤੇ ਉਸ ਦੀ ਪਤਨੀ ਮਨਪ੍ਰੀਤ

ਸ਼ੁੱਕਰਵਾਰ ਨੂੰ ਕਿਸੇ ਵਿਆਹ ਤੋਂ ਵਾਪਸ ਆਪਣੇ ਪਿੰਡ ਰਟੌਲ ਬੇਟ ਪਰਤੇ ਸਨ। ਇਸ ਦੌਰਾਨ ਦੋਵਾਂ ਪਤੀ-ਪਤਨੀ ਦਾ ਆਪਸ ਵਿਚ ਕਥਿਤ ਝਗੜਾ ਹੋ ਗਿਆ। ਕੁਝ ਚਿਰ ਮਗਰੋਂ ਬੋਹੜ ਸਿੰਘ ਦਾ ਸਾਲਾ ਲੱਲੀ ਵੀ ਘਰ ਆ ਗਿਆ। ਲੱਲੀ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ। ਲੱਲੀ ਆਪਣੀ ਭੈਣ ਤੇ ਉਸ ਦੇ ਤਿੰਨੋਂ ਬੱਚਿਆਂ ਨੂੰ ਮੋਟਰਸਾਇਕਲ ’ਤੇ ਲੈ ਗਿਆ। ਉਹ ਜਦੋਂ ਜ਼ੀਰਾ ਤੋਂ ਸਨੇਰ ਵੱਲ ਜਾਂਦੀ ਨਹਿਰ ਦੇ ਨਜ਼ਦੀਕ ਪੁੱਜੇ ਤਾਂ ਅੱਗੋਂ ਆ ਰਹੀ ਕਾਰ ਦੀਆਂ ਲਾਈਟਾਂ ਅੱਖਾਂ ਵਿਚ ਪੈਣ ਨਾਲ ਮੋਟਰਸਾਈਕਲ ਕਾਬੂ ਤੋਂ ਬਾਹਰ ਹੋ ਗਿਆ ਤੇ ਉਹ ਸਾਰੇ ਸਵਾਰ ਡਿੱਗ ਗਏ। ਇਨ੍ਹਾਂ ਵਿਚੋਂ ਦੋਵੇਂ ਬੱਚੀਆਂ ਨਹਿਰ ਵਿਚ ਜਾ ਡਿੱਗੀਆਂ। ਲੱਲੀ ਦੀ ਭੈਣ ਨੇ ਰੌਲਾ ਪਾਇਆ ਤਾਂ ਪਿੰਡ ਦੇ ਕੁਝ ਲੋਕ ਮੌਕੇ ’ਤੇ ਆ ਪਹੁੰਚੇ। ਉਦੋਂ ਤੱਕ ਦੋਵੇਂ ਕੁੜੀਆਂ ਸੀਰਤ ਅਤੇ ਕੋਮਲ ਪਾਣੀ ਦੇ ਵਹਾਅ ਨਾਲ ਰੁੜ੍ਹ ਗਈਆਂ। ਕੁੜੀਆਂ ਦੀਆਂ ਲਾਸ਼ਾਂ ਕਰੀਬ ਦੋ ਘੰਟੇ ਬਾਅਦ ਨਹਿਰ ਵਿਚੋਂ ਬਰਾਮਦ ਹੋਈਆਂ ਪਰ ਗੁਰਵੀਰ ਨੂੰ ਬਚਾਅ ਲਿਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਲੱਲੀ ਤੇ ਮਨਪ੍ਰੀਤ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।