ਫ਼ਿਰੋਜ਼ਪੁਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਅੱਜ ਫ਼ਾਜ਼ਿਲਕਾ ਵਿੱਚ ਕਿਸਾਨ ਕਰਜ਼ਾ ਮੁਆਫ਼ੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕਾਂਗਰਸ ਖ਼ਿਲਾਫ਼ ਪੋਲ ਖੋਲ੍ਹ ਰੈਲੀ ਕੀਤੀ ਗਈ ਜਿਸਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇਸ ਦੌਰਾਨ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਆਪਣੇ ਪਰਿਵਾਰ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ, ਜਿਸਦਾ ਸੁਖਬੀਰ ਬਾਦਲ ਵੱਲੋਂ ਸਵਾਗਤ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਇਸ ਪਰਿਵਾਰ ਨੇ ਚੰਡੀਗੜ੍ਹ ਵਿੱਚ ਸੁਖਬੀਰ ਬਾਦਲ ਨਾਲ ਮੁਲਾਕਾਤ ਕਰ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਇਸ ਮੌਕੇ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਕਾਂਗਰਸ ’ਤੇ ਹਮਲੇ ਕਰਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਤਾਂ ਹਥਿਆ ਲਈ, ਪਰ ਵਾਅਦੇ ਪੂਰੇ ਕਰਨ ਦੀ ਬਜਾਇ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਗਈਆਂ ਜੋ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤੀਆਂ ਗਈਆਂ ਸਨ। ਉਨ੍ਹਾਂ ਕੈਪਟਨ ਸਰਕਾਰ ਨੂੰ ਗ਼ਰੀਬ ਮਾਰੂ ਸਰਕਾਰ ਦਾ ਨਾਂ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਗ੍ਰਾਂਟਾਂ ਵੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਵਾਪਸ ਲੈ ਲਈਆਂ, ਜਿਸ ਕਾਰਨ ਵਿਕਾਸ ਕਾਰਜਾਂ ਨੂੰ ਬਰੇਕਾਂ ਲੱਗ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਦੀ ਆਰਥਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਰਕਾਰ ਪਾਸ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਦੇਣ ਵਾਸਤੇ ਵੀ ਫੰਡ ਨਹੀਂ ਹਨ। ਸੁਖਬੀਰ ਬਾਦਲ ਨੇ ਕਾਂਗਰਸ ਦੇ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਦੋਸ਼ ਲਾਇਆ ਕਿ ਸੁਨੀਲ ਜਾਖੜ ਨੇ ਪੁਲੀਸ ਦੀ ਮਿਲੀਭੁਗਤ ਨਾਲ ਅਕਾਲੀ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਵਾਏ ਹਨ। ਪੰਜਾਬ ਵਿੱਚ ਵਧ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਲਈ ਵੀ ਉਨ੍ਹਾਂ ਸੁਨੀਲ ਜਾਖੜ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਸ੍ਰੀ ਬਾਦਲ ਨੇ ਆਖਿਆ ਕਿ ਟਾਈਟਲਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਕਤਲੇਆਮ ਗਾਂਧੀ ਪਰਿਵਾਰ ਦੀ ਸ਼ਹਿ ’ਤੇ ਹੋਇਆ ਸੀ। ਉਨ੍ਹਾਂ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।