ਯੇਰੂਸ਼ਲਮ, 22 ਨਵੰਬਰ

ਫ਼ਲਸਤੀਨੀ ਹਮਲਾਵਰ ਨੇ ਅੱਜ ਇਕ ਇਜ਼ਰਾਇਲੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਤੇ ਚਾਰ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਇੱਥੋਂ ਦੀ ਪਵਿੱਤਰ ਮੰਨੀ ਜਾਂਦੀ ਥਾਂ ਨੇੜੇ ਵਾਪਰੀ ਤੇ ਪੁਲੀਸ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਜ਼ਿਕਰਯੋਗ ਹੈ ਕਿ ਯਹੂਦੀ ਤੇ ਮੁਸਲਮਾਨ ਦੋਵੇਂ ਇਸ ਥਾਂ ਉਤੇ ਆਪਣਾ ਦਾਅਵਾ ਕਰਦੇ ਹਨ।

ਹਿੰਸਕ ਘਟਨਾ ਟੈਂਪਲ ਮਾਊਂਟ ਦੇ ਦਾਖਲਾ ਗੇਟ ਉਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹੁਣ ਦੋਵਾਂ ਫ਼ਿਰਕਿਆਂ ਵਿਚਾਲੇ ਮੁੜ ਤੋਂ ਟਕਰਾਅ ਦੇ ਆਸਾਰ ਬਣ ਗਏ ਹਨ। ਇਸ ਤੋਂ ਪਹਿਲਾਂ ਮਈ ਵਿਚ ਕਾਫ਼ੀ ਹਿੰਸਾ ਹੋਈ ਸੀ। ਸਿਹਤ ਅਮਲੇ ਨੇ ਕਿਹਾ ਕਿ ਜ਼ਖ਼ਮੀਆਂ ਵਿਚੋਂ ਵੀ ਦੋ ਜਣੇ ਗੰਭੀਰ ਫੱਟੜ ਹੋ ਗਏ ਸਨ। ਤਿੰਨ ਜਣਿਆਂ ਦੇ ਹਲਕੀਆਂ ਸੱਟਾਂ ਲੱਗੀਆਂ ਸਨ। ਇਕ ਜ਼ਖ਼ਮੀ ਦੀ ਮਗਰੋਂ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਹਲਕੇ ਜ਼ਖ਼ਮੀ ਹੋਣ ਵਾਲੇ ਦੋ ਜਣੇ ਅਧਿਕਾਰੀ ਸਨ ਤੇ ਉਨ੍ਹਾਂ ਹਮਲਾਵਰ ਦੀ ਸ਼ਨਾਖ਼ਤ ਕੀਤੀ ਸੀ ਜੋ ਕਿ ਪੂਰਬੀ ਯੇਰੂਸ਼ਲਮ ਦਾ ਵਾਸੀ ਸੀ। ਇਜ਼ਰਾਈਲ ਮੁਤਾਬਕ ਮਾਰਿਆ ਗਿਆ ਹਮਲਾਵਰ ਹਮਾਸ ਨਾਲ ਜੁੜਿਆ ਹੋਇਆ ਸੀ ਤੇ ਉਸ ਦੀ ਪਤਨੀ ਨੇ ਤਿੰਨ ਦਿਨ ਪਹਿਲਾਂ ਹੀ ਦੇਸ਼ ਛੱਡਿਆ ਸੀ। ਫ਼ਲਸਤੀਨੀ ਅਤਿਵਾਦੀ ਗਰੁੱਪ ਹਮਾਸ ਨੇ ਇਸ ਹਮਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ‘ਬਹਾਦਰੀ ਵਾਲਾ ਕੰਮ’ ਕਰਾਰ ਦਿੱਤਾ ਹੈ ਪਰ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਨਹੀਂ ਲਈ। ਉਨ੍ਹਾਂ ਕਿਹਾ ਕਿ ਸਾਡੇ ਲੋਕ ਇਜ਼ਰਾਇਲੀ ਗਤੀਵਿਧੀਆਂ ਦਾ ਵਿਰੋਧ ਜਾਰੀ ਰੱਖਣਗੇ।