ਖਰੜ/ਐਸਏਐਸ ਨਗਰ (ਮੁਹਾਲੀ), 7 ਜੁਲਾਈ
ਲਾਂਡਰਾਂ-ਸਰਹਿੰਦ ਮਾਰਗ ’ਤੇ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਮੈਚ ਦਾ ਆਨਲਾਈਨ ਪ੍ਰਸਾਰਨ ਸ੍ਰੀਲੰਕਾ ਤੋਂ ਦਿਖਾਉਣ ਦੇ ਮਾਮਲੇ ਵਿਚ ਅੱਜ ਬੀਸੀਸੀਆਈ ਦੀ ਵਿਸ਼ੇਸ਼ ਟੀਮ ਖਰੜ ਪੁੱਜੀ ਤੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਮਾਮਲੇ ਵਿਚ ਪੁਲੀਸ ਨੇ ਸੱਟਾ ਖੇਡਣ ਦੇ ਦੋਸ਼ ਵਿੱਚ ਤਿੰਨ ਮੁਲਜ਼ਮਾਂ ਰਵਿੰਦਰ ਸਿੰਘ ਦੰਦੀਵਾਲ ਅਤੇ ਪੰਕਜ ਅਰੋੜਾ ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਦੋਵੇਂ ਹਾਲ ਵਾਸੀ ਜ਼ੀਰਕਪੁਰ ਨੂੰ ਗ੍ਰਿਫਤਾਰ ਕੀਤਾ ਸੀ। ਟੀਮ ਨੇ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਤੇ ਹੋਰਾਂ ਨਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ। ਇਸ ਗੱਲ ਦੀ ਪੁਸ਼ਟੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਕੀਤੀ।
ਡੰਡੀਵਾਲ ਇੱਥੋਂ ਦੇ ਫੇਜ਼-3ਬੀ1 ਵਿੱਚ ਪਿਛਲੇ 6 ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਜਦੋਂਕਿ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਵਿੱਚ ਰਹਿ ਰਹੇ ਸੀ। ਇਹ ਸਾਰੇ ਪੁਲੀਸ ਰਿਮਾਂਡ ’ਤੇ ਹਨ। ਐਸਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਇਹ ਗੱਲ ਸਾਹਮਣੇ ਆਈ ਕਿ ਪੰਕਜ ਅਰੋੜਾ ਨੇ ਆਪਣੇ ਸਾਥੀ ਗੋਲਡੀ ਨਾਲ ਮਿਲ ਕੇ ਪਿੰਡ ਸਵਾੜਾ ਵਿੱਚ ਬੀਤੀ 29 ਜੂਨ ਤੋਂ 5 ਜੁਲਾਈ ਤੱਕ ਸਟੋਕਰ ਕ੍ਰਿਕਟ ਅਕੈਡਮੀ ਦਾ ਗਰਾਊਂਡ 33 ਹਜ਼ਾਰ ਰੁਪਏ ਵਿੱਚ ਬੁੱਕ ਕਰਵਾਇਆ ਸੀ। ਪਹਿਲੇ ਦਿਨ ਪੰਕਜ, ਗੋਲਡੀ, ਰਾਜੇਸ਼ ਗਰਗ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਰ ਟੀਮਾਂ ਬਣਾਈਆਂ ਤੇ ਇਸ ਸੀਰੀਜ਼ ਦਾ ਨਾਮ ਯੂਵੀਏ-ਟੀ-20 ਪ੍ਰੀਮੀਅਰ ਰੱਖਿਆ ਜਿਸ ਦਾ ਸ੍ਰੀਲੰਕਾ ਵਿੱਚ ਪ੍ਰਸਾਰਨ ਦਿਖਾ ਕੇ ਕਰੋੜਾਂ ਰੁਪਏ ਸੱਟਾ ਲਗਾਇਆ ਗਿਆ।
ਮੁਲਜ਼ਮ ਦੰਦੀਵਾਲ ਬੀਬੀਸੀਆਈ ਦੇ ਕ੍ਰਾਈਮ ਸੈੱਲ ਨੂੰ ਲੋੜੀਂਦਾ ਸੀ। ਉਸ ਦਾ ਨੈਟਵਰਕ ਸ੍ਰੀਲੰਕਾ ਤੋਂ ਲੈ ਕੇ ਆਸਟਰੇਲੀਆ ਤੱਕ ਫੈਲਿਆ ਹੋਇਆ ਹੈ। ਉਸ ਨੇ 2009 ਵਿੱਚ ਕ੍ਰਿਕਟ ਕੌਂਸਲ ਆਫ਼ ਇੰਡੀਆ (ਸੀਸੀਆਈ) ਦੇ ਨਾਮ ’ਤੇ ਕਲੱਬ ਰਜਿਸਟਰਡ ਕਰਵਾ ਕੇ ਹੁਣ ਤੱਕ ਮੁਹਾਲੀ, ਅੰਮ੍ਰਿਤਸਰ ਤੋਂ ਭੁਪਾਲ (ਮੱਧ ਪ੍ਰਦੇਸ਼) ਵਿੱਚ ਟੂਰਨਾਮੈਂਟ ਕਰਵਾਏ। ਸਭ ਤੋਂ ਪਹਿਲਾਂ ਉਸ ਨੇ 2016 ਵਿੱਚ ਅਗਸਤ-ਸਤੰਬਰ ਨੂੰ ਸ੍ਰੀਲੰਕਾ ਵਿੱਚ ਟੂਰਨਾਮੈਂਟ ਕਰਵਾਇਆ ਸੀ। ਉਹ ਦਸੰਬਰ 2016 ਵਿੱਚ ਆਪਣੇ ਕਲੱਬ ਦੀ ਟੀਮ ਲੈ ਕੇ ਆਸਟਰੇਲੀਆ ਗਿਆ। ਇਸ ਟੂਰਨਾਮੈਂਟ ਵਿੱਚ ਮੈਚ ਫਿਕਸਿੰਗ ਨੂੰ ਲੈ ਕੇ ਵੱਡੇ ਪੱਧਰ ’ਤੇ ਸਕੈਂਡਲ ਹੋਣ ਨਾਲ ਵੀ ਦੰਦੀਵਾਲ ਦਾ ਨਾਮ ਜੁੜਿਆ ਸੀ।
ਇਥੋਂ ਦੇ ਮੈਚ ਲਈ ਦਿੱਲੀ ਦੇ ਦੁਰਗੇਸ਼ ਦੀ ਟੀਮ ਹਾਈ-ਟੈਕ ਕੈਮਰਿਆਂ ਸਣੇ ਮੰਗਵਾਈ ਗਈ ਸੀ ਤਾਂ ਜੋ ਫਰਜ਼ੀ ਮੈਚ ਦੀ ਦਿੱਖ ਸੋਸ਼ਲ ਐਪਸ ’ਤੇ ਸ੍ਰੀਲੰਕਾ ਵਿੱਚ ਹੁੰਦੀ ਦਿਖਾਈ ਜਾ ਸਕੇ।