ਪੈਰਿਸ:ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦਾ ਪੁਰਸ਼ ਡਬਲਜ਼ ਖਿਤਾਬ ਜਿੱਤ ਲਿਆ ਹੈ। ਭਾਰਤੀ ਜੋੜੀ ਨੇ ਐਤਵਾਰ ਰਾਤ ਫਾਈਨਲ ਵਿੱਚ ਚੀਨੀ ਤਾਇਪੇ ਦੀ ਲੂ ਚਿੰਗ ਯਾਓ ਅਤੇ ਯਾਂਗ ਪੋ ਹਾਨ ਦੀ ਜੋੜੀ ਨੂੰ ਸਿੱਧੇ ਗੇਮ ਵਿੱਚ ਹਰਾਇਆ। ਭਾਰਤੀ ਜੋੜੀ 2019 ਐਡੀਸ਼ਨ ਵਿੱਚ ਉਪ ਜੇਤੂ ਰਹੀ ਸੀ। ਦੁਨੀਆ ਦੀ ਅੱਠਵੇਂ ਨੰਬਰ ਦੀ ਇਸ ਜੋੜੀ ਨੇ ਲੂ ਅਤੇ ਯਾਂਗ ਦੀ 25ਵੇਂ ਦਰਜੇ ਦੀ ਜੋੜੀ ਨੂੰ 48 ਮਿੰਟਾਂ ਵਿੱਚ 21-13, 21-19 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਜੋੜੀ ਇਸ ਸਾਲ ਇੰਡੀਅਨ ਓਪਨ ਸੁਪਰ 500 ਖਿਤਾਬ, ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ, ਥੌਮਸ ਕੱਪ ਅਤੇ ਅਗਸਤ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਇਸ ਜੋੜੀ ਦਾ ਵਿਸ਼ਵ ਟੂਰ ’ਤੇ ਇਹ ਤੀਜਾ ਖਿਤਾਬ ਹੈ। ਇਸ ਦੌਰਾਨ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਨੇ ਰੰਕੀਰੈਡੀ-ਸ਼ੈਟੀ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਸੰਕਰ ਮੁੱਤੂਸੁਆਮੀ ਲਈ ਪੰਜ-ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।