ਪੈਰਿਸ, 28 ਮਈ
ਮੌਜੂਦਾ ਚੈਂਪੀਅਨ ਰਾਫੇਲ ਨਡਾਲ ਨੇ ਰਿਕਾਰਡ 12ਵੇਂ ਫਰੈਂਚ ਓਪਨ ਖ਼ਿਤਾਬ ਲਈ ਅੱਜ ਇੱਥੇ ਜ਼ਬਰਦਸਤ ਆਗਾਜ਼ ਕੀਤਾ, ਜਦਕਿ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਨੇ ਵੀ ਰੋਲਾਂ ਗੈਰਾਂ ’ਤੇ ਪਹਿਲੇ ਗੇੜ ਵਿੱਚ ਆਸਾਨ ਜਿੱਤ ਦਰਜ ਕੀਤੀ ਹੈ। ਮਹਿਲਾ ਵਰਗ ਵਿੱਚ ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਕੈਰੋਲਾਈਨ ਵੋਜ਼ਨਿਆਕੀ ਪਹਿਲੇ ਹੀ ਗੇੜ ਵਿੱਚੋਂ ਬਾਹਰ ਹੋ ਗਈ। 17 ਵਾਰ ਦੇ ਚੈਂਪੀਅਨ ਨਡਾਲ ਨੇ ਫਿਰ ਤੋਂ ਤਿਆਰ ਕੀਤੇ ਫਿਲਿਪ ਚੈਟਰੀਅਰ ਕੋਰਟ ਵਿੱਚ ਪਹਿਲੇ ਗੇੜ ਵਿੱਚ ਜਰਮਨੀ ਦੇ ਕੁਆਲੀਫਾਇਰ ਯਾਨਿਕ ਹੰਫਮੈਨ ਨੂੰ ਆਸਾਨੀ ਨਾਲ ਹਰਾ ਦਿੱਤਾ। ਉਸ ਨੇ ਜਰਮਨੀ ਦੇ ਖਿਡਾਰੀ ’ਤੇ 6-2, 6-1, 6-3 ਨਾਲ ਜਿੱਤ ਦਰਜ ਕੀਤੀ। ਉਸ ਦਾ ਅਗਲਾ ਮੁਕਾਬਲਾ ਇੱਕ ਹੋਰ ਜਮਰਨ ਕੁਆਲੀਫਾਇਰ ਅਤੇ ਵਿਸ਼ਵ ਵਿੱਚ 114ਵੇਂ ਨੰਬਰ ਦੇ ਖਿਡਾਰੀ ਯਾਨਿਕ ਮਾਡੇਨ ਨਾਲ ਹੋਵੇਗਾ।
ਨਡਾਲ ਨੂੰ ਇਸ ਤੋਂ ਪਹਿਲਾਂ ਕਲੇਅ ਕੋਰਟ ਸੈਸ਼ਨ ਵਿੱਚ ਲਗਾਤਾਰ ਤਿੰਨ ਟੂਰਨਾਮੈਂਟ ਵਿੱਚ ਸੈਮੀ-ਫਾਈਨਲ ਮੁਕਾਬਲਿਆਂ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਟੈਲੀਅਨ ਓਪਨ ਵਿੱਚ ਉਸ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਫਰੈਂਚ ਓਪਨ ਵਿੱਚ ਹੁਣ ਉਸ ਦਾ ਰਿਕਾਰਡ 87-2 ਹੋ ਗਿਆ ਹੈ।
ਮਹਿਲਾ ਵਰਗ ਵਿੱਚ ਡੈੱਨਮਾਰਕ ਦੀ ਵੋਜ਼ਨਿਆਕੀ ਨੂੰ ਪਹਿਲੇ ਗੇੜ ਵਿੱਚ ਰੂਸ ਦੀ ਵਿਸ਼ਵ ਵਿੱਚ 68ਵੇਂ ਨੰਬਰ ਦੀ ਵੇਰੋਨਿਕਾ ਕੁਦੇਰਮੇਤੋਵਾ ਨੇ 0-6, 6-3, 6-3 ਨਾਲ ਹਰਾਇਆ। ਇੱਕ ਹੋਰ ਮੈਚ ਵਿੱਚ ਨੀਦਰਲੈਂਡ ਦੀ ਚੌਥਾ ਦਰਜਾ ਪ੍ਰਾਪਤ ਕਿੱਕੀ ਬਰਟੈਨਜ਼ ਨੇ ਫਰਾਂਸ ਦੀ ਪਾਓਲਿਨ ਪਾਰਮੈਂਟੀਅਰ ਨੂੰ 6-3, 6-4 ਨਾਲ ਸ਼ਿਕਸਤ ਦਿੱਤੀ। ਆਸਟਰੇਲੀਆ ਦੀ ਅੱਠਵਾਂ ਦਰਜਾ ਪ੍ਰਾਪਤ ਐਸ਼ਲੀਗ ਬਾਰਟੀ ਨੇ ਅਮਰੀਕਾ ਦੀ ਜੇਸਿਕਾ ਪੈਗੁਲਾਕੋ ਨੂੰ 6-3, 6-3 ਨਾਲ, ਜਦਕਿ ਬਰਤਾਨੀਆ ਦੀ ਯੋਹਾਨਾ ਕੋਂਟਾ ਨੇ ਜਰਮਨ ਦੀ ਐਂਟੋਨੀਆ ਲੋਟਨਰ ਨੂੰ 6-4, 6-4 ਨਾਲ ਮਾਤ ਦਿੱਤੀ। ਇਹ ਕੋਂਟਾ ਦੀ ਰੋਲਾਂ ਗੈਰਾਂ ਵਿੱਚ ਪਹਿਲੀ ਜਿੱਤ ਹੈ। ਪੁਰਸ਼ ਵਰਗ ਵਿੱਚ ਆਸਟਰੇਲੀਆ ਦੇ 21ਵਾਂ ਦਰਜਾ ਪ੍ਰਾਪਤ ਅਲੈਕਸ ਡੀ ਮਿਨੌਰ ਨੇ ਅਮਰੀਕਾ ਦੇ ਬ੍ਰੈਡਲੀ ਕਲੈਨ ਨੂੰ 6-1, 6-4, 6-4 ਨਾਲ ਹਰਾਇਆ, ਪਰ ਜੌਰਜੀਆ ਦੇ 15ਵਾਂ ਦਰਜਾ ਪ੍ਰਾਪਤ ਨਿਕੋਲੋਜ਼ ਬਾਸਿਲਸ਼ਵਿਲੀ ਪਹਿਲੇ ਗੇੜ ਵਿੱਚ ਹਾਰ ਗਿਆ। ਉਸ ਨੂੰ ਅਰਜਨਟੀਨਾ ਦੇ ਜੁਆਨ ਇੰਗਨੇਸੀਆ ਲੌਂਡੇਰੋ ਨੇ 6-4, 6-1, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ। ਰੂਸ ਦਾ 12ਵਾਂ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਫਰਾਂਸ ਦੇ ਪੀਅਰੇ ਹਿਊਜ਼ ਹਰਬਰਟ ਖ਼ਿਲਾਫ਼ ਉਹ ਪਹਿਲੇ ਦੋ ਸੈੱਟ ਵਿੱਚ ਜਿੱਤ ਦਾ ਫ਼ਾਇਦਾ ਨਹੀਂ ਉਠਾ ਸਕਿਆ। ਹਰਬਰਟ ਨੇ ਇਹ ਮੈਚ 4-6, 4-6, 6-3, 6-2, 7-5 ਨਾਲ ਜਿੱਤਿਆ।