ਪੈਰਿਸ , 27 ਮਈ
ਮੌਜੂਦਾ ਵਿੰਬਲਡਨ ਚੈਂਪੀਅਨ ਏਂਜਲਿਕ ਕਰਬਰ ਦੀ ਕਰੀਅਰ ਗਰੈਂਡ ਸਲੈਮ ਜਿੱਤਣ ਦੀ ਉਮੀਦ ਅੱਜ ਰੋਲਾਂ ਗੈਰਾਂ ਵਿੱਚ ਰੂਸੀ ਮੁਟਿਆਰ ਅਨਾਸਤਾਸੀਆ ਪੋਟਾਪੋਵਾ ਨੇ ਹਰਾ ਕੇ ਖ਼ਤਮ ਕਰ ਦਿੱਤੀ, ਜਦੋਂ ਪੁਰਸ਼ ਵਰਗ ਵਿੱਚ ਸਵਿੱਸ ਖਿਡਾਰੀ ਰੋਜਰ ਫੈਡਰਰ ਨੇ ਚਾਰ ਸਾਲ ਦੇ ਵਕਫ਼ੇ ਮਗਰੋਂ ਪੈਰਿਸ ਵਿੱਚ ਸ਼ਾਨਦਾਰ ਵਾਪਸੀ ਕੀਤੀ। 18 ਸਾਲ ਦੀ ਪੋਟਾਪੋਵਾ ਨੇ ਆਪਣੇ ਫਰੈਂਚ ਓਪਨ ਦੇ ਪਲੇਠੇ ਮੈਚ ਵਿੱਚ ਜਰਮਨ ਦੀ ਪੰਜਵਾਂ ਦਰਜਾ ਪ੍ਰਾਪਤ ਖਿਡਾਰਨ ਨੂੰ 6-4, 6-2 ਨਾਲ ਹਰਾ ਕੇ ਉਲਟ-ਫੇਰ ਕੀਤਾ।
81ਵਾਂ ਦਰਜਾ ਪ੍ਰਾਪਤ ਪੋਟਾਪੋਵਾ ਨੇ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਸੀ ਅਤੇ ਮੈਂ ਇਸਦੇ ਲਈ ਆਪਣੇ ਕੋਚ ਦੀ ਧੰਨਵਾਦੀ ਹਾਂ।’’ 31 ਸਾਲ ਦੀ ਕਰਬਰ ਇਸ ਤਰ੍ਹਾਂ ਫਰੈਂਚ ਓਪਨ ਦੇ ਪਹਿਲੇ ਗੇੜ ਵਿੱਚ ਹੁਣ ਛੇ ਵਾਰ ਹਾਰ ਚੁੱਕੀ ਹੈ। ਮੈਡਰਿਡ ਓਪਨ ਦੇ ਦੂਜੇ ਗੇੜ ਵਿੱਚੋਂ ਬਾਹਰ ਹੋਣ ਵਾਲੀ ਜਰਮਨੀ ਦੀ ਖੱਬੂ ਖਿਡਾਰਨ ਨੇ ਸੱਟ ਠੀਕ ਹੋਣ ਮਗਰੋਂ ਰੋਲਾਂ ਗੈਰਾਂ ਨਾਲ ਵਾਪਸੀ ਕੀਤੀ ਸੀ। ਇਸ ਸੱਟ ਕਾਰਨ ਉਹ ਇਟੈਲੀਅਨ ਓਪਨ ਵੀ ਨਹੀਂ ਖੇਡ ਸਕੀ। ਸਪੇਨ ਦੀ ਸਾਬਕਾ ਚੈਂਪੀਅਨ ਗਾਰਬਾਈਨ ਮੁਗੁਰੂਜ਼ਾ ਨੇ ਨਵੇਂ ਕੋਰਟ ’ਤੇ ਅਮਰੀਕਾ ਦੀ ਟੇਲਰ ਟਾਊਨਸੇਂਡ ਨੂੰ ਮਾਤ ਦਿੱਤੀ। 19ਵਾਂ ਦਰਜਾ ਪ੍ਰਾਪਤ ਮੁਗੁਰੂਜ਼ਾ ਨੇ 5-7, 6-2, 6-2 ਨਾਲ ਜਿੱਤ ਦਰਜ ਕੀਤੀ। ਕ੍ਰੋਏਸ਼ੀਆ ਦੀ 31ਵਾਂ ਦਰਜਾ ਪ੍ਰਾਪਤ ਪੇਰਤਾ ਮਾਰਟਿਚ ਟੂਰਨਾਮੈਂਟ ਵਿੱਚ ਜਿੱਤ ਹਾਸਲ ਕਰਨ ਵਾਲੀ ਪਹਿਲੀ ਖਿਡਾਰਨ ਰਹੀ। ਉਸ ਨੇ ਪਹਿਲੇ ਗੇੜ ਵਿੱਚ ਟਿਊਨੀਸ਼ੀਆ ਦੀ ਓਂਸ ਜ਼ਬੋਰ ਨੂੰ 6-1, 6-2 ਨਾਲ ਮਾਤ ਦਿੱਤੀ।
ਦੂਜੇ ਪਾਸੇ, ਦੁਨੀਆਂ ਦਾ ਤੀਜੇ ਨੰਬਰ ਦਾ ਖਿਡਾਰੀ ਰੋਜਰ ਫੈਡਰਰ ਅੱਜ ਰੋਲਾਂ ਗੈਰਾਂ ’ਤੇ ਨਵੀਂ ਦਿੱਖ ਵਿੱਚ ਨਜ਼ਰ ਆਇਆ। 21ਵੇਂ ਗਰੈਂਡ ਸਲੈਮ ਖ਼ਿਤਾਬ ਦੀ ਕੋਸ਼ਿਸ਼ ਵਿੱਚ ਲੱਗੇ 37 ਸਾਲ ਦੇ ਸਵਿੱਸ ਖਿਡਾਰੀ ਨੇ ਇਟਲੀ ਦੇ ਲੋਰੈਂਜੋ ਸੋਨੈਗੋ ਨੂੰ 6-2, 6-4, 6-4 ਨਾਲ ਹਰਾਇਆ। ਫੈਡਰਰ ਨੇ ਆਪਣਾ ਆਖ਼ਰੀ ਫਰੈਂਚ ਓਪਨ 2015 ਵਿੱਚ ਖੇਡਿਆ ਸੀ।