ਓਟਵਾ, 10 ਦਸੰਬਰ : ਕੋਵਿਡ-19 ਦੇ ਓਮਾਈਕ੍ਰੌਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਕਾਰਨ ਪੈਦਾ ਹੋਏ ਨਵੇਂ ਤੌਖਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਐਮਪੀਜ਼ ਵੱਲੋਂ ਪੈਨਡੈਮਿਕ ਏਡ ਦੇ ਅਗਲੇ ਗੇੜ ਲਈ ਮਨਜ਼ੂਰੀ ਦੇਣਾ ਹੋਰ ਜਿ਼ਆਦਾ ਜ਼ਰੂਰੀ ਹੋ ਗਿਆ ਹੈ।
ਹਾਊਸ ਆਫ ਕਾਮਨਜ਼ ਦੀ ਵਿੱਤ ਕਮੇਟੀ ਨਾਲ ਗੱਲ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਸ ਵੇਰੀਐਂਟ ਕਾਰਨ ਅਰਥਚਾਰਾ ਅਸਥਿਰਤਾ ਵੱਲ ਵਧਣ ਲੱਗਿਆ ਹੈ ਤੇ ਇਸ ਲਈ ਸਾਨੂੰ ਫੌਰੀ ਕਦਮ ਚੁੱਕਣ ਦੀ ਲੋੜ ਹੈ। ਲਿਬਰਲਾਂ ਵੱਲੋਂ ਪੈਨਡੈਮਿਕ ਏਡ ਵਿੱਚ ਮਈ ਦੇ ਸ਼ੁਰੂ ਤੱਕ ਵਾਧਾ ਕੀਤੇ ਜਾਣ ਦਾ ਪ੍ਰਸਤਾਵ ਹੈ। ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਬਿਜ਼ਨਸਿਜ਼ ਨੂੰ ਨੁਕਸਾਨ ਨਹੀਂ ਪਹੁੰਚੇਗਾ ਤੇ ਉਹ ਵਰਕਰਜ਼ ਨੂੰ ਵੀ ਲਾਕਡਾਊਨ ਦੀ ਸੂਰਤ ਵਿੱਚ ਹਫਤੇ ਦੇ 300 ਡਾਲਰ ਦੇਣ ਦੇ ਹੱਕ ਵਿੱਚ ਹਨ।ਸਰਕਾਰ ਵੱਲੋਂ ਹਾਊਸ ਆਫ ਕਾਮਨਜ਼ ਵਿੱਚ 7·4 ਬਿਲੀਅਨ ਡਾਲਰ ਦਾ ਏਡ ਬਿੱਲ ਪੇਸ਼ ਕੀਤਾ ਗਿਆ ਹੈ।
ਲਿਬਰਲ ਚਾਹੁੰਦੇ ਹਨ ਕਿ ਅਗਲੇ ਹਫਤੇ ਦੇ ਅੰਤ ਤੱਕ ਸ਼ੁਰੂ ਹੋਣ ਜਾ ਰਹੀਆਂ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਪਾਰਲੀਆਮੈਂਟੇਰੀਅਨਜ਼ ਇਸ ਬਿੱਲ ਸੀ-2 ਨੂੰ ਪਾਸ ਕਰਕੇ ਜਾਣ।ਫਰੀਲੈਂਡ ਨੇ ਆਖਿਆ ਕਿ ਜੇ ਇੱਕ ਵਾਰੀ ਫਿਰ ਕੋਵਿਡ-19 ਦਾ ਵਾਇਰਸ ਜਾਂ ਉਸ ਦਾ ਕੋਈ ਨਵਾਂ ਵੇਰੀਐਂਟ ਸਿਰ ਚੁੱਕਦਾ ਹੈ ਤਾਂ ਬਿੱਲ ਵਿੱਚ ਦਰਜ ਲਾਕਡਾਊਨ ਮਦਦ ਇਕਨੌਮਿਕ ਇੰਸ਼ੋਰੈਂਸ ਪਾਲਿਸੀ ਵਜੋਂ ਕੰਮ ਕਰੇਗੀ। ਉਨ੍ਹਾਂ ਆਖਿਆ ਕਿ ਇਹ ਸੱਚਮੁੱਚ ਦੀਆਂ ਚੁਣੌਤੀਆਂ ਹਨ।