ਪੈਰਿਸ, ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਓਸੈਨ ਬੋਲਟ ਨੂੰ ਆਸ ਹੈ ਕਿ ਉਸਦਾ ਪੇਸ਼ੇਵਰ ਫੁਟਬਾਲਰ ਬਣਨ ਦਾ ਸੁਪਨਾ ਅਜੇ ਵੀ ਸਾਕਾਰ ਹੋ ਸਕਦਾ ਹੈ। ਉਹ ਜਰਮਨੀ ਦੇ ਸਿਖ਼ਰਲੇ ਕਲੱਬ ਬੋਰਸੀਆ ਡੋਰਟਮੰਡ ਦੇ ਨਾਲ ਟਰਾਇਲਾਂ ਵਿੱਚ ਹਿੱਸਾ ਲਵੇਗਾ। ਕਈ ਵਾਰ ਦੇ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਬੋਲਟ ਨੇ ਕਿਹਾ ਹੈ ਕਿ ਉਹ ਮਾਨਚੈਸਟਰ ਯੂਨਾਈਟਿਡ ਦੀ ਤਰਫੋਂ ਖੇਡਣ ਨੂੰ ਪਹਿਲ ਦੇਵੇਗਾ, ਜੋ ਉਸ ਦੀ ਪਸੰਦ ਦੀ ਟੀਮ ਹੈ। ਵਿਸ਼ਵ ਰਿਕਾਰਡ ਹੋਲਡਰ 31 ਸਾਲ ਦੇ ਬੋਲਟ ਨੇ ਸੰਡੇ ਐਕਸਪ੍ਰੈਸ ਨੂੰ ਕਿਹਾ ਕਿ ਮਾਰਚ ਵਿੱਚ ਉਹ ਡੋਰਟਮੰਡ ਦੇ ਨਾਲ ਟਰਾਇਲ ਵਿੱਚ ਹਿੱਸਾ ਲਵੇਗਾ ਅਤੇ ਇਹ ਫੈਸਲਾ ਕਰੇਗਾ ਕਿ ਉਸਨੇ ਆਪਣੇ ਕਰੀਅਰ ਵਿੱਚ ਕਿਸ ਪਾਸੇ ਜਾਣਾ ਹੈ। ਬੋਲਟ ਨੇ ਕਿਹਾ,‘ ਜੇ ਕਲੱਬ ਪ੍ਰਬੰਧਕ ਕਹਿੰਦੇ ਹਨ ਕਿ ਮੈਂ ਚੰਗਾ ਹਾਂ ਤੇ ਟਰੇਨਿੰਗ ਲੈਣ ਦੀ ਲੋੜ ਹੈ ਤਾਂ ਮੈਂ ਟਰੇਨਿੰਗ ਲਵਾਂਗਾ। ਮੈਂ ਨਰਵਸ ਹਾਂ, ਮੈਂ ਨਰਵਸ ਨਾ ਹੁੰਦਾ ਪਰ ਇਹ ਫੁਟਬਾਲ ਹੈ, ਤਾਲਮੇਲ ਬਿਠਾਉਣ ਵਿੱਚ ਕੁੱਝ ਸਮਾਂ ਲੱਗਦਾ ਹੈ ਤੇ ਕੁੱਝ ਮੌਕਿਆਂ ਉੱਤੇ ਖੇਡਣ ਬਾਅਦ ਮੈਨੂੰ ਆਦਤ ਪੈ ਜਾਵੇਗੀ।’ ਬੋਲਟ ਅਤੇ ਡੌਰਟਮੰਡ ਦੋਨਾਂ ਦਾ ਸਪਾਂਸਰ ਪਿਊਮਾ ਹੀ ਹੈ। ਖੇਡਾਂ ਨਾਲ ਜੁੜਿਆ ਸਾਮਾਨ ਬਣਾਉਣ ਵਾਲੀ ਇਸ ਕੰਪਨੀ ਨੇ ਹੀ ਕਲੱਬ ਦੇ ਨਾਲ ਟਰਾਇਲ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਹੈ। ਬੋਲਟ ਨੇ ਕਿਹਾ ਕਿ ਉਸਦੇ ਸਭ ਤੋਂ ਵੱਡੇ ਸੁਪਨਿਆਂ ਵਿੱਚੋਂ ਇੱਕ ਮਾਨਚੈਸਟਰ ਯੂਨਾਈਟਿਡ ਦੇ ਨਾਲ ਇਕਰਾਰ    ਕਰਨਾ ਹੈ। ਜੇ ਡੋਰਟਮੰਡ ਇਸ ਗੱਲ ਉੱਤੇ ਮੋਹਰ ਲਾ ਦਿੰਦਾ ਹੈ ਕਿ ਉਹ ਫੁਟਬਾਲ ਖੇਡ ਸਕਦਾ ਹੈ ਤਾਂ ਉਹ ਸਖਤ  ਮਿਹਨਤ ਕਰੇਗਾ।