ਓਟਵਾ, 19 ਮਾਰਚ : ਗਲੋਬਲ ਅਫੇਅਰਜ ਕੈਨੇਡਾ ਦਾ ਕਹਿਣਾ ਹੈ ਕਿ ਘਟੋ ਘਟ 77 ਕੈਨੇਡੀਅਨ ਟਰਾਂਸ ਐਟਲਾਂਟਿਕ ਸੁਮੰਦਰੀ ਬੇੜੇ ਵਿਚ ਸਵਾਰ ਹਨ। ਇਸ ਬੇੜੇ ਵਿਚ ਸਵਾਰ ਹੋਰਨਾਂ ਯਾਤਰੀਆਂ ਵਿਚੋਂ ਕਈ ਕੋਵਿਡ-19 ਦੇ ਮਾਮਲੇ ਵੀ ਹਨ।
ਕੋਸਟਾ ਲੁਮਿਨੋਸਾ, ਜਿਸ ਵਿਚ ਇਸ ਸਮੇਂ 1400 ਤੋਂ ਵੀ ਵਧ ਲੋਕ ਸਵਾਰ ਹਨ, ਫਰੈਂਚ ਮੈਡੀਟੇਰੇਨੀਅਨ ਬੰਦਰਗਾਹ ਮਾਰਸਿਲੇ ਵਲ ਵਧ ਰਿਹਾ ਹੈ। ਤਰਜਮਾਨ ਐਂਜਲਾ ਸੈਵਾਰਡ ਨੇ ਦਸਿਆ ਕਿ ਗਲੋਬਲ ਅਫੇਅਰਜ ਕੈਨੇਡੀਅਨਾਂ ਨੂੰ ਕਾਉਂਸਲਿੰਗ ਲਈ ਸਹਿਯੋਗ ਦੇਣ ਵਾਸਤੇ ਤਿਆਰ ਹੈ। ਉਨ੍ਹਾਂ ਆਖਿਆ ਕਿ ਪ੍ਰਾਈਵੇਸੀ ਐਕਟ ਕਾਰਨ ਅਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।
ਫਰੈਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਮੁੰਦਰੀ ਜਹਾਜ ਵੀਰਵਾਰ ਨੂੰ ਮਾਰਸਿਲੇ ਦੇ ਪਾਣੀਆਂ ਵਿਚ ਪਹੁੰਚੇਗਾ। ਪਰ ਅਜੇ ਤਕ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਯਾਤਰੀਆਂ ਨੂੰ ਇਸ ਵਿਚੋਂ ਉਤਰਨ ਦੀ ਇਜਾਜਤ ਦਿਤੀ ਜਾਵੇਗੀ ਜਾਂ ਨਹੀਂ। ਫਰਾਂਸ ਵਿਚ ਵੀ ਇਸ ਸਮੇਂ ਐਂਟੀ ਵਾਇਰਸ ਮੂਵਮੈਂਟ ਨਿਯਮ ਲਾਗੂ ਹੈ।
ਇਸ ਜਹਾਜ ਨੂੰ ਸਪੇਨ ਵਿਚ ਟੈਨੇਰਾਈਫ ਵਿਚ ਰੁਕਣ ਦੀ ਇਜਾਜਤ ਦਿਤੀ ਗਈ ਸੀ। ਜਿਥੇ ਤਿੰਨ ਵਿਅਕਤੀਆਂ ਨੂੰ ਉਤਾਰਿਆ ਗਿਆ ਕਿਉਂਕਿ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਨ ਦੀ ਲੋੜ ਸੀ। ਪਰ ਬਾਕੀ ਯਾਤਰੀਆਂ ਨੂੰ ਉਥੇ ਉਤਰਨ ਦੀ ਇਜਾਜਤ ਨਹੀਂ ਦਿਤੀ ਗਈ।