ਨਵੀਂ ਦਿੱਲੀ, 31 ਜਨਵਰੀ
ਭਾਰਤ ਨੇ ਫਰਾਂਸ ਖ਼ਿਲਾਫ਼ ਅੱਠ ਤੋਂ 13 ਫਰਵਰੀ ਦੌਰਾਨ ਲਖਨਊ ਅਤੇ ਗੋਰਖਪੁਰ ਵਿੱਚ ਹੋਣ ਵਾਲੀਆਂ ਚਾਰ ਮੈਚਾਂ ਦੀਆਂ ਲੜੀਆਂ ਲਈ ਅੱਜ 20 ਮੈਂਬਰੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਹੈ। ਲੜੀ ਦੇ ਪਹਿਲੇ ਦੋ ਮੈਚ ਅੱਠ ਅਤੇ ਨੌਂ ਫਰਵਰੀ ਨੂੰ ਲਖਨਊ ਦੇ ਪਦਮ ਸ੍ਰੀ ਮੁਹੰਮਦ ਸ਼ਾਹਿਦ ਸਿੰਥੈਟਿਕ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਤੀਜਾ ਮੈਚ 11 ਫਰਵਰੀ ਨੂੰ ਗੋਰਖਪੁਰ ਦੇ ਵੀਰ ਬਹਾਦੁਰ ਸਿੰਘ ਸਪੋਰਟਸ ਕਾਲਜ ਵਿੱਚ ਖੇਡਿਆ ਜਾਵੇਗਾ, ਜਦਕਿ ਚੌਥਾ ਅਤੇ ਆਖ਼ਰੀ ਮੈਚ ਲਖਨਊ ਵਿੱਚ ਹੋਵੇਗਾ ਭਾਰਤੀ ਟੀਮ ਦੀ ਅਗਵਾਈ ਸਲੀਮਾ ਟੇਟੇ ਕਰੇਗੀ, ਜਦੋਂਕਿ ਅਜੇ ਸਪੇਨ ਦੌਰੇ ’ਤੇ ਗਈ ਸੀਨੀਅਰ ਟੀਮ ਦੀ ਮੈਂਬਰ ਮੁਟਿਆਰ ਫਾਰਵਰਡ ਲਾਲਰੇਮਸਿਆਮੀ ਉਪ ਕਪਤਾਨ ਹੋਵੇਗੀ।