ਨਵੀਂ ਦਿੱਲੀ, 8 ਨਵੰਬਰ
ਫਰਾਂਸ ਦੀ ਖੋਜੀ ਪੱਤਰਿਕਾ(ਇਨਵੈਸਟੀਗੇਟਿਵ ਜਰਨਲ) ਮੀਡੀਆਪਾਰਟ ਨੇ ਨਵਾਂ ਖੁਲਾਸਾ ਕੀਤਾ ਹੈ ਕਿ ਦਸਾਲਟ ਏਵੀਏਸ਼ਨ ਨੇ ਭਾਰਤ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਨੂੰ ਅੰਤਿਮ ਰੂਪ ਦੇਣ ਲਈ ਕਥਿਤ ਤੌਰ ’ਤੇ ਫਰਜ਼ੀ ਬਿੱਲਾਂ ਸਹਾਰੇ ਇਕ ਵਿਚੌਲੇ ਨੂੰ 75 ਲੱਖ ਯੂਰੋ ਦੀ ਕਮਿਸ਼ਨ ਦਿੱਤੀ ਸੀ। ਪੱਤਰਿਕਾ ਨੇ ਜੁਲਾਈ ਵਿੱਚ ਖ਼ਬਰ ਦਿੱਤੀ ਸੀ ਕਿ 59000 ਕਰੋੜ ਰੁਪਏ ਦੇ 36 ਰਾਫੇਲ ਲੜਾਕੂ ਜਹਾਜ਼ ਸੌਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਪੱਖਪਾਤ ਦੀ ਨਿਆਂਇਕ ਜਾਂਚ ਲਈ ਇਕ ਫਰਾਂਸੀਸੀ ਜੱਜ ਨੂੰ ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਜਾਂ ਦਸਾਲਟ ਏਵੀਏਸ਼ਨ ਵੱਲੋਂ ਹਾਲੇ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪੱਤਰਿਕਾ ਨੇ ਆਪਣੀ ਨਵੀਂ ਰਿਪੋਰਟ ਵਿੱਚ ਐਤਵਾਰ ਨੂੰ ਕਿਹਾ, ‘ਮੀਡੀਆਪਾਰਟ ਅੱਜ ਕਥਿਤ ਫਰਜ਼ੀ ਬਿੱਲ ਪ੍ਰਕਾਸ਼ਿਤ ਕਰ ਰਹੀ ਹੈ, ਜਿਸ ਨਾਲ ਫਰਾਂਸ ਦੀ ਜਹਾਜ਼ ਨਿਰਮਾਤਾ ਕੰਪਨੀ ਦਸਾਲਟ ਏਵੀਏਸ਼ਨ ਭਾਰਤ ਨੂੰ 36 ਲੜਾਕੂ ਜਹਾਜ਼ ਸੌਦੇ ਨੂੰ ਅੰਤਿਮ ਰੂਪ ਦੇਣ ਵਿੱਚ ਮਦਦ ਲਈ ਇਕ ਵਿਚੋਲੇ ਨੂੰ ਘੱਟੋ ਘੱਟ 75 ਲੱਖ ਯੂਰੋ ਦੀ ਲੁਕਵੀਂ ਕਮਿਸ਼ਨ ਦਾ ਭੁਗਤਾਨ ਕਰਨ ਦੇ ਯੋਗ ਹੋ ਸਕੀ। ਪੱਤਰਿਕਾ ਨੇ ਦੋਸ਼ ਲਗਾਇਆ ਹੈ ਕਿ ‘ਅਜਿਹੇ ਦਸਤਾਵੇਜ਼ ਹੋਣ ਦੇ ਬਾਵਜੂਦ ਭਾਰਤੀ ਜਾਂਚ ਏਜੰਸੀਆਂ ਨੇ ਮਾਮਲੇ ਦੀ ਜਾਂਚ ਵਿੱਚ ਅੱਗੇ ਨਾ ਵਧਣ ਦਾ ਫੈਸਲਾ ਕੀਤਾ।