ਫਗਵਾੜਾ, 3 ਅਗਸਤ

ਪਿੰਡ ਸੰਗਤਪੁਰ ਦੇ ਇੱਕ ਏਜੰਟ ਦੇ ਪਰਿਵਾਰ ਨੇ ਲੋਕਾਂ ਦੇ ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਮਗਰੋਂ ਉਕਤ ਏਜੰਟ ਦੀ ਅੱਜ ਸ਼ਾਮ ਸਵਿਲ ਹਸਪਤਾਲ ਜਲੰਧਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ, ਜਦਕਿ ਪਰਿਵਾਰ ਦੇ ਬਾਕੀ ਚਾਰ ਜੀਅ ਹਾਲੇ ਵੀ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਪਿੰਡ ਸੰਗਤਪੁਰ ਦਾ ਵਸਨੀਕ ਹਰਦੀਪ ਸਿੰਘ ਬਟਾਲਾ ਵਿੱਚ ਇੱਕ ਏਜੰਟ ਨਾਲ ਰਲ ਕੇ ਕੰਮ ਕਰਦਾ ਸੀ। ਇਸ ਦੌਰਾਨ ਉਨ੍ਹਾਂ ਵੱਲ ਕੁੱਝ ਲੋਕਾਂ ਦੇ ਪੈਸੇ ਰਹਿੰਦੇ ਸਨ। ਪੈਸੇ ਮੰਗਣ ਵਾਲਿਆਂ ਕਰਕੇ ਉਹ ਅਤੇ ਉਸ ਦਾ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਤਹਿਤ ਬੀਤੀ ਰਾਤ ਕਰੀਬ ਦਸ ਵਜੇ ਸਾਰੇ ਪਰਿਵਾਰ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਪਿੰਡ ਦੇ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਭਰ ਇਹ ਪਰਿਵਾਰ ਘਰ ’ਚ ਉਲਟੀਆਂ ਕਰਦਾ ਰਿਹਾ, ਜਿਸ ਦੀ ਖ਼ਬਰ ਮਿਲਣ ਮਗਰੋਂ ਸਵੇਰੇ ਕਰੀਬ 8 ਵਜੇ ਇਨ੍ਹਾਂ ਨੂੰ ਸਵਿਲ ਹਸਪਤਾਲ ਲਿਜਾਇਆ ਗਿਆ। ਉਥੇ ਹਰਦੀਪ ਸਿੰਘ (45) ਪੁੱਤਰ ਹਰਭਜਨ ਸਿੰਘ, ਉਸ ਦੀ ਪਤਨੀ ਰੁਚੀ (38), ਮਾਤਾ ਕੁਲਦੀਪ ਕੌਰ (77), ਧੀ ਰੂਹਾਨੀ (13), ਤੇ ਏਕਨੂਰ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਜਲੰਧਰ ਭੇਜ ਦਿੱਤਾ ਗਿਆ ਹੈ। ਅੱਜ ਸ਼ਾਮਲ ਹਰਦੀਪ ਨੇ ਦਮ ਤੋੜ ਦਿੱਤਾ ਹੈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਦੇ ਸਿਰ 40-50 ਲੱਖ ਰੁਪਏ ਦਾ ਕਰਜ਼ਾ ਸੀ।