ਕੋਲਕਾਤਾ, 12 ਮਈ
ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਨਾਬਾਦ ਸੈਂਕੜਾ ਜੜਨ ਵਾਲੇ ਰਿਸ਼ਭ ਪੰਤ ਦੇ ਪ੍ਰਦਰਸ਼ਨ ਤੋਂ ਬਾਗੋ ਬਾਗ਼ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਦਿੱਲੀ ਡੇਅਰਡੈਵਿਲਜ਼ ਦੇ ਵਿਕਟਕੀਪਰ ਬੱਲੇਬਾਜ਼ ਨੂੰ ਕੌਮੀ ਟੀਮ ’ਚ ਸਹੀ ਸਮੇਂ ’ਤੇ ਖੇਡਣ ਦਾ ਮੌਕਾ ਮਿਲੇਗਾ। ਪੰਤ ਨੇ ਬੀਤੀ ਰਾਤ ਟੂਰਨਾਮੈਂਟ ਦੇ ਸਰਵੋਤਮ ਗੇਂਦਬਾਜ਼ੀ ਹਮਲੇ ਦੇ ਬਖੀਏ ਉਧੇੜਦਿਆਂ 63 ਗੇਂਦਾਂ ਵਿੱਚ ਨਾਬਾਦ 128 ਦੌੜਾਂ ਬਣਾਈਆਂ, ਜੋ ਕਿਸੇ ਭਾਰਤੀ ਦਾ ਸਰਵੋਤਮ ਟੀ-20 ਸਕੋਰ ਹੈ।
ਗਾਂਗੂਲੀ ਨੇ ਇਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ‘ਰਿਸ਼ਭ ਸਹੀ ਸਮੇਂ ’ਤੇ ਭਾਰਤੀ ਟੀਮ ’ਚ ਥਾਂ ਬਣਾਏਗਾ। ਮੈਨੂੰ ਲਗਦਾ ਹੈ ਕਿ ਉਹ ਭਵਿੱਚ ਹੈ।’ ਯਾਦ ਰਹੇ ਕਿ ਪੰਤ ਨੇ ਇਹ ਆਤਿਸ਼ੀ ਪਾਰੀ ਆਇਰਲੈਂਡ ਤੇ ਇੰਗਲੈਂਡ ਦੌਰੇ ਲਈ ਚੁਣੀ ਗਈ ਭਾਰਤ ਦੀ ਟੀ-20 ਟੀਮ ਲਈ ਅਣਗੌਲਿਆਂ ਕੀਤੇ ਜਾਣ ਮਗਰੋਂ ਖੇਡੀ ਹੈ। ਸਾਬਕਾ ਕਪਤਾਨ ਨੇ ਕਿਹਾ, ‘ਪੰਤ ਤੇ ਇਸ਼ਾਨ ਕਿਸ਼ਨ ਜਿਹੇ ਖਿਡਾਰੀਆਂ ਦਾ ਸਮਾਂ ਆਏਗਾ। ਦੋਵੇਂ ਨੌਜਵਾਨ ਖਿਡਾਰੀ ਹਨ ਤੇ ਕੋਈ ਜਲਦਬਾਜ਼ੀ ਕਿਤੇ ਜਾਣ ਦੀ ਵੀ ਲੋੜ ਨਹੀਂ। ਸਮੇਂ ਦੇ ਨਾਲ ਇਹ ਵਧੇਰੇ ਮੈਚ ਖੇਡਣਗੇ ਤੇ ਉਦੋਂ ਤਕ ਇਹ ਹੋਰ ਵੀ ਹੰਢ ਜਾਣਗੇ। ਆਉਣ ਵਾਲੇ ਸਾਲਾਂ ’ਚ ਇਹ ਭਾਰਤ ਲਈ ਖੇਡਣਗੇ।’