ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਦੀਆਂ ਬਾਗੀ ਸੁਰਾਂ ਦੇ ਮੱਦੇਨਜ਼ਰ ਪੰਜ ਵਿਧਾਇਕਾਂ ਨੂੰ ਕੈਬਨਿਟ ਰੈਂਕ ਅਤੇ ਇਕ ਨੂੰ ਰਾਜ ਮੰਤਰੀ ਦੇ ਰੈਂਕ ਨਾਲ ਨਿਵਾਜਿਆ ਹੈ। ਅਜਿਹਾ ਕਰਨ ਨਾਲ ਵਿਧਾਇਕਾਂ ਦੀ ਨਾਰਾਜ਼ਗੀ ਦੂਰ ਹੋਣ ਦੇ ਆਸਾਰ ਹਨ ਪਰ ਇਸ ਤੋਂ ਕੁਝ ਹੋਰ ਨਾਰਾਜ਼ ਵੀ ਹੋਣਗੇ। ਇਨ੍ਹਾਂ ਵਿਧਾਇਕਾਂ ਵਿਚ ਸਰਹਿੰਦ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ(ਯੋਜਨਾ), ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ, ਫਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿਲੋਂ ਉਰਫ ਕਿੱਕੀ ਢਿਲੋਂ, ਟਾਂਡਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ, ਇੰਦਰਬੀਰ ਸਿੰਘ ਬੁਲਾਰੀਆ ਨੂੰ ਕੈਬਨਿਟ ਰੈਂਕ ਅਤੇ ਵਿਧਾਇਕ ਤਰਸੇਮ ਡੀਸੀ (ਯੋਜਨਾ) ਸ਼ਾਮਲ ਹਨ। ਡੀਸੀ ਨੂੰ ਰਾਜ ਮੰਤਰੀ ਦਾ ਰੈਂਕ ਦਿੱਤਾ ਗਿਆ ਹੈ। ਵਿਧਾਇਕਾਂ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਵਲੋਂ ਰਾਤਰੀ ਭੋਜ ਲਈ ਸੱਦੀ ਮੀਟਿੰਗ ਵਿਚ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਸਰਕਾਰ ਦੇ ਕੰਮਕਾਜ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਪਹਿਲਾਂ ਵਿਧਾਇਕਾਂ ਨੂੰ ਕਦੇ ਮੁੱਖ ਪਾਰਲੀਮਾਨੀ ਸਕੱਤਰ ਬਣਾਉਣ ਸਮੇਤ ਹੋਰ ਢੰਗ ਤਰੀਕਿਆਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਸਫਲ ਨਾ ਹੋਈ। ਪਹਿਲਾਂ ਵੀ ਮੁੱਖ ਮੰਤਰੀ ਨੇ ਆਪਣੇ ਕੁਝ ਸਲਾਹਕਾਰਾਂ ਨੂੰ ਕੈਬਨਿਟ ਰੈਂਕ ਅਤੇ ਸਟੇਟ ਰੈਂਕ ਦਿੱਤੇ ਹਨ। ਰਾਜਪਾਲ ਨੇ ਨਵੀਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।